ਤੇਲੰਗਾਨਾ, 02 ਜੁਲਾਈ 2025: ਸਿਗਾਚੀ ਇੰਡਸਟਰੀਜ਼ ਨੇ ਤੇਲੰਗਾਨਾ ਦੇ ਪਸਮਲਾਰਮ ‘ਚ ਫਾਰਮਾ ਪਲਾਂਟ ‘ਚ ਹੋਏ ਧਮਾਕੇ ‘ਚ 40 ਜਣਿਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਸਦੇ ਨਾਲ ਹੀ ਕੰਪਨੀ ਨੇ ਮ੍ਰਿਤਕਾਂ ਨੂੰ 1-1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਅਸੀਂ ਤੇਲੰਗਾਨਾ ਫੈਕਟਰੀ ‘ਚ ਹੋਏ ਹਾਦਸੇ ਦੀ ਜਾਣਕਾਰੀ ਦੁੱਖ ਨਾਲ ਸਾਂਝੀ ਕਰ ਰਹੇ ਹਾਂ। ਇਸ ਹਾਦਸੇ ‘ਚ ਸਾਡੀ ਟੀਮ ਦੇ 40 ਮੈਂਬਰਾਂ ਦੀ ਮੌਤ ਹੋ ਗਈ ਅਤੇ 33 ਤੋਂ ਵੱਧ ਜਣੇ ਜ਼ਖਮੀ ਹੋ ਗਏ।
ਕੰਪਨੀ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਅਸੀਂ ਐਮਰਜੈਂਸੀ ਪ੍ਰਤੀਕਿਰਿਆ, ਪਰਿਵਾਰਕ ਸਹਾਇਤਾ ਦਾ ਤਾਲਮੇਲ ਕਰ ਰਹੇ ਹਾਂ। ਇਸ ਤੋਂ ਇਲਾਵਾ, ਅਸੀਂ ਜਾਂਚ ਅਤੇ ਪਾਲਣਾ ਦੇ ਯਤਨਾਂ ‘ਚ ਸਹਾਇਤਾ ਕਰ ਰਹੇ ਹਾਂ। ਸਿਗਾਚੀ ਇੰਡਸਟਰੀਜ਼ ਲਿਮਟਿਡ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦੀ ਵਚਨਬੱਧਤਾ ਪ੍ਰਗਟ ਕੀਤੀ ਹੈ, ਜਦੋਂ ਕਿ ਜ਼ਖਮੀਆਂ ਨੂੰ ਪੂਰੀ ਡਾਕਟਰੀ ਅਤੇ ਪੁਨਰਵਾਸ ਸਹਾਇਤਾ ਮਿਲੇਗੀ। ਕੰਪਨੀ ਨੇ ਕਿਹਾ ਕਿ ਇਹ ਹਾਦਸਾ ਪਲਾਂਟ ‘ਚ ਰਿਐਕਟਰ ਧਮਾਕੇ ਕਾਰਨ ਨਹੀਂ ਹੋਇਆ ਸੀ। ਅਸੀਂ ਇਸਦੀ ਜਾਂਚ ਕਰਨ ਤੋਂ ਬਾਅਦ ਸਹੀ ਜਾਣਕਾਰੀ ਦੇਵਾਂਗੇ। ਉਦੋਂ ਤੱਕ ਪਲਾਂਟ ‘ਚ ਕੰਮਕਾਜ 90 ਦਿਨਾਂ ਲਈ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਜਾਵੇਗਾ।
ਧਮਾਕੇ ਦੇ ਪੀੜਤਾਂ ‘ਚੋਂ ਇੱਕ ਦੇ ਪਰਿਵਾਰਕ ਮੈਂਬਰ ਦੀ ਸ਼ਿਕਾਇਤ ਦੇ ਆਧਾਰ ‘ਤੇ, ਸੰਗਰੇਡੀ ਪੁਲਿਸ ਨੇ ਸੋਮਵਾਰ ਨੂੰ ਫੈਕਟਰੀ ਪ੍ਰਬੰਧਨ ਵਿਰੁੱਧ ਬੀਐਨਐਸ ਦੀ ਧਾਰਾ 105 (ਗੈਰ-ਇਰਾਦਤਨ ਕਤਲ ਜੋ ਕਤਲ ਦੇ ਬਰਾਬਰ ਨਹੀਂ ਹੈ), 110 (ਗੈਰ-ਇਰਾਦਤਨ ਕਤਲ ਕਰਨ ਦੀ ਕੋਸ਼ਿਸ਼ ਜੋ ਕਤਲ ਦੇ ਬਰਾਬਰ ਨਹੀਂ ਹੈ) ਅਤੇ 117 (ਸਵੈ-ਇੱਛਾ ਨਾਲ ਗੰਭੀਰ ਸੱਟ ਪਹੁੰਚਾਉਣਾ) ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।
Read More: ਜਲਦ ਹੀ ਤੇਲੰਗਾਨਾ ਹਿਮਾਚਲ ‘ਚ 2 ਬਿਜਲੀ ਪ੍ਰੋਜੈਕਟ ਕਰੇਗਾ ਸਥਾਪਤ