ਬਰਮਿੰਘਮ, 28 ਜੂਨ 2025: IND ਬਨਾਮ ENG Test: ਭਾਰਤੀ ਟੀਮ ਨੇ ਇੰਗਲੈਂਡ ਵਿਰੁੱਧ ਦੂਜੇ ਟੈਸਟ ਮੈਚ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਦੇ ਖਿਡਾਰੀਆਂ ਨੇ ਸ਼ੁੱਕਰਵਾਰ ਨੂੰ ਬਰਮਿੰਘਮ ਦੇ ਐਜਬੈਸਟਨ ਵਿਖੇ ਨੈੱਟ ਸੈਸ਼ਨ ਕੀਤਾ। ਹੈਡਿੰਗਲੇ ਵਿਖੇ ਪਹਿਲੇ ਟੈਸਟ ‘ਚ ਪੰਜ ਵਿਕਟਾਂ ਦੀ ਹਾਰ ਤੋਂ ਬਾਅਦ ਖਿਡਾਰੀਆਂ ਨੇ ਪਹਿਲੀ ਵਾਰ ਅਭਿਆਸ ਕੀਤਾ।
ਭਾਰਤੀ ਟੀਮ 5 ਟੈਸਟ ਮੈਚਾਂ ਦੀ ਸੀਰੀਜ਼ ‘ਚ 0-1 ਨਾਲ ਪਿੱਛੇ ਹੈ। ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਟੀਮ ਸਥਾਨਕ ਸਮੇਂ ਮੁਤਾਬਕ ਸਵੇਰੇ 9:15 ਵਜੇ ਮੈਦਾਨ ‘ਤੇ ਪਹੁੰਚੀ ਅਤੇ ਅਗਲੇ ਤਿੰਨ ਘੰਟਿਆਂ ਲਈ ਸਖ਼ਤ ਅਭਿਆਸ ਕੀਤਾ।
ਇਸ ਦੌਰਾਨ ਅਭਿਆਸ ‘ਚ ਜਸਪ੍ਰੀਤ ਬੁਮਰਾਹ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਅਭਿਆਸ ‘ਚ ਹਿੱਸਾ ਨਹੀਂ ਲਿਆ, ਹਾਲਾਂਕਿ ਉਹ ਟੀਮ ਦੇ ਨਾਲ ਮੈਦਾਨ ‘ਤੇ ਆਏ ਸਨ। ਮੁਹੰਮਦ ਸਿਰਾਜ ਨੇ ਸਿਰਫ਼ ਬੱਲੇਬਾਜ਼ੀ ਦਾ ਅਭਿਆਸ ਕੀਤਾ। ਉਨ੍ਹਾਂ ਨੇ ਕੋਚ ਸੀਤਾਂਸ਼ੂ ਕੋਟਕ ਨਾਲ ਲਗਭਗ 30 ਮਿੰਟ ਤੱਕ ਗੇਂਦ ਨੂੰ ਛੱਡਣ, ਮੋੜਨ ਅਤੇ ਖੇਡਣ ਦੀ ਤਕਨੀਕ ‘ਤੇ ਕੰਮ ਕੀਤਾ।
ਅਭਿਆਸ ਸੈਸ਼ਨ ‘ਚ ਅਰਸ਼ਦੀਪ ਸਿੰਘ ਅਤੇ ਆਕਾਸ਼ ਦੀਪ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਲੰਬੇ ਸਮੇਂ ਤੱਕ ਅਭਿਆਸ ਕੀਤਾ। ਦੋਵਾਂ ਨੂੰ ਮੁੱਖ ਕੋਚ ਗੌਤਮ ਗੰਭੀਰ ਅਤੇ ਸਹਾਇਕ ਸਟਾਫ ਨੇ ਨੇੜਿਓਂ ਦੇਖਿਆ। ਅਰਸ਼ਦੀਪ ਨੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨਾਲ ਆਪਣੇ ਰਨ-ਅੱਪ, ਬੈਕ-ਫੁੱਟ ਲੈਂਡਿੰਗ ਅਤੇ ਤਕਨੀਕ ਨੂੰ ਬਿਹਤਰ ਬਣਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ।
ਆਕਾਸ਼ਦੀਪ ਅਤੇ ਅਰਸ਼ਦੀਪ ਨੂੰ ਦੂਜੇ ਟੈਸਟ ‘ਚ ਮੌਕਾ ਮਿਲ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਸਪ੍ਰੀਤ ਬੁਮਰਾਹ ਦੇ ਐਜਬੈਸਟਨ ਟੈਸਟ ‘ਚ ਖੇਡਣ ਦੀ ਸੰਭਾਵਨਾ ਨਹੀਂ ਹੈ। ਅਜਿਹੀ ਸਥਿਤੀ ‘ਚ ਆਕਾਸ਼ਦੀਪ ਅਤੇ ਅਰਸ਼ਦੀਪ ਸਿੰਘ ‘ਚੋਂ ਕਿਸੇ ਇੱਕ ਨੂੰ ਮੌਕਾ ਮਿਲ ਸਕਦਾ ਹੈ। ਹਾਲਾਂਕਿ, ਪ੍ਰਸਿਧ ਕ੍ਰਿਸ਼ਨਾ ਦਾ ਅਭਿਆਸ ਨਾ ਕਰਨਾ ਵੀ ਦਰਸਾਉਂਦਾ ਹੈ ਕਿ ਦੋਵਾਂ ਨੂੰ ਮੌਕਾ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਕੁਲਦੀਪ ਯਾਦਵ ਵੀ ਇੱਕ ਵਿਕਲਪ ਹੈ।
Read More: ICC Test Rankings: ਤਾਜ਼ਾ ਬੱਲੇਬਾਜ਼ਾਂ ਦੀ ਟੈਸਟ ਰੈਂਕਿੰਗ ‘ਚ ਰਿਸ਼ਭ ਪੰਤ ਨੂੰ ਮਿਲਿਆ ਫਾਇਦਾ