Nobel Peace Prize: ਨੋਬਲ ਸ਼ਾਂਤੀ ਪੁਰਸਕਾਰ ਦੀ ਦੁਨੀਆਂ ਭਰ ‘ਚ ਚਰਚਾ ਤੇਜ਼ ਹੋ ਰਹੀ ਹੈ | ਇਸਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਾਲ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਚੌਥੀ ਵਾਰ ਹੈ ਜਦੋਂ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ | ਇੱਕ ਨਾਰਵੇਈ ਸੰਸਦ ਮੈਂਬਰ ਨੇ ਇਜ਼ਰਾਈਲ, ਬਹਿਰੀਨ ਅਤੇ ਯੂਏਈ ਵਿਚਾਲੇ ਹੋਏ ਇਤਿਹਾਸਕ ਸ਼ਾਂਤੀ ਸਮਝੌਤੇ ‘ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਲਈ ਟਰੰਪ ਨੂੰ ਨਾਮਜ਼ਦ ਕੀਤਾ ਹੈ।
ਹੁਣ ਟਰੰਪ ਇਹ ਪੁਰਸਕਾਰ ਜਿੱਤਦੇ ਹਨ ਜਾਂ ਨਹੀਂ, ਇਸ ਦਾ ਜਵਾਬ ਅਗਲੇ ਸਾਲ ਅਕਤੂਬਰ ‘ਚ ਪਤਾ ਲੱਗੇਗਾ ਜਦੋਂ ਨੋਬਲ ਸ਼ਾਂਤੀ ਪੁਰਸਕਾਰ ਦੇ ਜੇਤੂ ਦਾ ਐਲਾਨ ਕੀਤਾ ਜਾਵੇਗਾ। ਜੇਕਰ ਟਰੰਪ ਇਹ ਪੁਰਸਕਾਰ ਜਿੱਤਦੇ ਹਨ, ਤਾਂ ਉਹ ਅਜਿਹਾ ਕਰਨ ਵਾਲੇ ਪੰਜਵੇਂ ਅਮਰੀਕੀ ਰਾਸ਼ਟਰਪਤੀ ਬਣ ਜਾਣਗੇ।
ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਮਰੀਕਾ ਦੇ ਚਾਰ ਰਾਸ਼ਟਰਪਤੀ
ਹੁਣ ਤੱਕ ਚਾਰ ਅਮਰੀਕੀ ਰਾਸ਼ਟਰਪਤੀਆਂ ਅਤੇ ਇੱਕ ਉਪ ਰਾਸ਼ਟਰਪਤੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾ ਚੁੱਕਾ ਹੈ। ਇਨ੍ਹਾਂ ‘ਚੋਂ ਥੀਓਡੋਰ ਰੂਜ਼ਵੈਲਟ 1906 ‘ਚ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਰਾਸ਼ਟਰਪਤੀ ਸਨ।
ਥੀਓਡੋਰ ਰੂਜ਼ਵੈਲਟ
ਥੀਓਡੋਰ ਰੂਜ਼ਵੈਲਟ (1906) ਨਾ ਸਿਰਫ਼ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ, ਸਗੋਂ ਇਸਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਸਿਆਸਤਦਾਨ ਵੀ ਸਨ। ਥੀਓਡੋਰ ਰੂਜ਼ਵੈਲਟ ਨੂੰ ਰੂਸ ਅਤੇ ਜਾਪਾਨ ਵਿਚਾਲੇ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਯਤਨਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ 1904-1905 ‘ਚ ਇੱਕ ਜੰਗ ਵੀ ਹੋਈ ਸੀ। ਇਸ ਦੇ ਨਾਲ ਉਨ੍ਹਾਂ ਨੇ ਮੈਕਸੀਕੋ ਨਾਲ ਅਮਰੀਕਾ ਦੇ ਸਬੰਧਾਂ ਨੂੰ ਬਿਹਤਰ ਬਣਾਉਣ ‘ਚ ਵੀ ਵਿਚੋਲਗੀ ਕੀਤੀ।
ਵੁੱਡਰੋ ਵਿਲਸਨ
ਵੁੱਡਰੋ ਵਿਲਸਨ 1913 ਤੋਂ 1921 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ। ਉਨ੍ਹਾਂ ਨੂੰ 1919 ‘ਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਵੁੱਡਰੋ ਵਿਲਸਨ ਨੂੰ ਇਹ ਸਨਮਾਨ ਪਹਿਲੇ ਵਿਸ਼ਵ ਯੁੱਧ ਨੂੰ ਖਤਮ ਕਰਨ ਦੇ ਉਨ੍ਹਾਂ ਦੇ ਯਤਨਾਂ ਲਈ ਦਿੱਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਦੇ ਕਾਰਜਕਾਲ ਦੌਰਾਨ, ਉਨ੍ਹਾਂ ‘ਤੇ ਕਾਲੇ ਲੋਕਾਂ ਨਾਲ ਵਿਤਕਰੇ ਦਾ ਵੀ ਦੋਸ਼ ਲਗਾਇਆ ਗਿਆ ਸੀ।
ਜਿੰਮੀ ਕਾਰਟਰ
ਅਮਰੀਕਾ ਦੇ 39ਵੇਂ ਰਾਸ਼ਟਰਪਤੀ ਜਿੰਮੀ ਕਾਰਟਰ ਨੂੰ 2002 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ। ਉਨ੍ਹਾਂ ਨੂੰ ਇਹ ਸਨਮਾਨ ਵਿਸ਼ਵ ਪੱਧਰ ‘ਤੇ ਸ਼ਾਂਤੀ ਸਥਾਪਤ ਕਰਨ ਦੇ ਉਨ੍ਹਾਂ ਦੇ ਯਤਨਾਂ ਲਈ ਮਿਲਿਆ ਸੀ। ਕਾਰਟਰ ਨੇ ਰਾਸ਼ਟਰਪਤੀ ਵਜੋਂ ਆਪਣੇ ਕਾਰਜਕਾਲ ਦੌਰਾਨ ਇਜ਼ਰਾਈਲ ਅਤੇ ਮਿਸਰ ਵਿਚਕਾਰ ਇੱਕ ਸ਼ਾਂਤੀ ਸਮਝੌਤਾ ਕਰਵਾਇਆ ਸੀ, ਜਿਸ ਲਈ ਉਨ੍ਹਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ।
ਜਿੰਮੀ ਕਾਰਟਰ ਨੂੰ ਇਹ ਪੁਰਸਕਾਰ ਅੰਤਰਰਾਸ਼ਟਰੀ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ, ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਗਿਆ ਸੀ। 2007 ‘ਚ ਉਪ ਰਾਸ਼ਟਰਪਤੀ ਅਲ ਗੋਰੇ ਨੂੰ ਜਲਵਾਯੂ ਪਰਿਵਰਤਨ ਬਾਰੇ ਜਾਣਕਾਰੀ ਇਕੱਠੀ ਕਰਨ ਅਤੇ ਸਾਂਝੀ ਕਰਨ ਲਈ ਇਹ ਪੁਰਸਕਾਰ ਮਿਲਿਆ ਸੀ।
ਬਰਾਕ ਓਬਾਮਾ
ਟਰੰਪ ਤੋਂ ਪਹਿਲਾਂ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਅੰਤਰਰਾਸ਼ਟਰੀ ਕੂਟਨੀਤੀ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਨ੍ਹਾਂ ਦੇ ਯਤਨਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਨੋਬਲ ਫਾਊਂਡੇਸ਼ਨ ਇਹ ਪੁਰਸਕਾਰ ਵਿਸ਼ਵ ਪੱਧਰ ‘ਤੇ ਸ਼ਾਂਤੀ ਸਥਾਪਤ ਕਰਨ ਦੇ ਯਤਨਾਂ ਲਈ ਦਿੰਦਾ ਹੈ। ਸ਼ਾਂਤੀ ਤੋਂ ਇਲਾਵਾ, ਇਹ ਪੁਰਸਕਾਰ ਹਰ ਸਾਲ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਮੈਡੀਸਨ ਅਤੇ ਸਾਹਿਤ ਦੇ ਖੇਤਰ ‘ਚ ਵੀ ਦਿੱਤੇ ਜਾਂਦੇ ਹਨ। ਇਹ ਪੁਰਸਕਾਰ ਸਵੀਡਨ ਦੇ ਐਲਫ੍ਰੇਡ ਨੋਬਲ ਦੁਆਰਾ ਸਥਾਪਿਤ ਕੀਤਾ ਗਿਆ ਸੀ।
Read More: ਡਾਇਨਾਮਾਈਟ ਦੀ ਖੋਜ ਕਰਨ ਵਾਲੇ ਐਲਫ੍ਰੇਡ ਨੋਬਲ ਨੇ ਕਿਉਂ ਸ਼ੁਰੂ ਕੀਤਾ ਨੋਬਲ ਪੁਰਸਕਾਰ