ਦੇਸ਼, 19 ਜੂਨ 2025: ਦੇਸ਼ ਦੇ ਚਾਰ ਸੂਬਿਆਂ ਦੀਆਂ ਪੰਜ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਜਿਨ੍ਹਾਂ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ, ਉਨ੍ਹਾਂ ‘ਚ ਗੁਜਰਾਤ ਦੀਆਂ ਕਾਦੀ ਅਤੇ ਵਿਸਾਵਦਰ ਵਿਧਾਨ ਸਭਾ ਸੀਟਾਂ ਸ਼ਾਮਲ ਹਨ।
ਇਸੇ ਤਰ੍ਹਾਂ ਕੇਰਲ ਦੀ ਨੀਲਾਂਬੁਰ, ਪੰਜਾਬ ਦੀ ਲੁਧਿਆਣਾ ਅਤੇ ਪੱਛਮੀ ਬੰਗਾਲ ਦੀ ਕਾਲੀਗੰਜ ਵਿਧਾਨ ਸਭਾ ਸੀਟ ‘ਤੇ ਵੋਟਿੰਗ ਹੋ ਰਹੀ ਹੈ। ਸਵੇਰੇ 11 ਵਜੇ ਤੱਕ ਗੁਜਰਾਤ ਦੀ ਵਿਸਾਵਦਰ ਸੀਟ ‘ਤੇ 28.15 ਫੀਸਦੀ, ਕਾਦੀ ਸੀਟ ‘ਤੇ 23.85 ਫੀਸਦੀ, ਕੇਰਲ ਦੀ ਨੀਲਾਂਬੁਰ ਸੀਟ ‘ਤੇ 30.15 ਫੀਸਦੀ, ਪੰਜਾਬ ਦੀ ਲੁਧਿਆਣਾ ਪੱਛਮੀ ਸੀਟ ‘ਤੇ 21.15 ਫੀਸਦੀ ਅਤੇ ਪੱਛਮੀ ਬੰਗਾਲ ਦੀ ਕਾਲੀਗੰਜ ਵਿਧਾਨ ਸਭਾ ਸੀਟ ‘ਤੇ 30.64 ਫੀਸਦੀ ਵੋਟਿੰਗ ਹੋਈ।
ਪੰਜਾਬ ਦੀ ਲੁਧਿਆਣਾ ਪੱਛਮੀ ਸੀਟ ‘ਤੇ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ। ਇਹ ਸੀਟ ‘ਆਪ’ ਵਿਧਾਇਕ ਗੁਰਪ੍ਰੀਤ ਬਸੀ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਆਮ ਆਦਮੀ ਪਾਰਟੀ (ਆਪ) ਨੇ ਇਸ ਸੀਟ ਤੋਂ ਰਾਜ ਸਭਾ ਮੈਂਬਰ ਅਤੇ ਉਦਯੋਗਪਤੀ ਸੰਜੀਵ ਅਰੋੜਾ ਨੂੰ ਮੈਦਾਨ ‘ਚ ਉਤਾਰਿਆ ਹੈ। ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ‘ਚ ਸ਼ਾਮਲ ਕੀਤਾ ਜਾਵੇਗਾ।
ਕਾਂਗਰਸ ਅਤੇ ਭਾਜਪਾ ਦੀ ਕੀ ਹਲਾਤ ?
ਜੇਕਰ ਕਾਂਗਰਸ ਅਤੇ ਭਾਜਪਾ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਇਸ ਸੀਟ ਤੋਂ ਸਾਬਕਾ ਮੰਤਰੀ ਅਤੇ ਦੋ ਵਾਰ ਵਿਧਾਇਕ ਰਹੇ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ‘ਚ ਉਤਾਰਿਆ ਹੈ। ਆਸ਼ੂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਅਰੋੜਾ ਨਾਲ ਨਹੀਂ ਸਗੋਂ ਅਰਵਿੰਦ ਕੇਜਰੀਵਾਲ ਨਾਲ ਹੈ, ਜੋ ਪਿਛਲੇ ਦਰਵਾਜ਼ੇ ਰਾਹੀਂ ਰਾਜ ਸਭਾ ‘ਚ ਦਾਖਲ ਹੋਣਾ ਚਾਹੁੰਦੇ ਹਨ। ਦੂਜੇ ਪਾਸੇ ਜੀਵਨ ਗੁਪਤਾ ਭਾਜਪਾ ਤੋਂ ਚੋਣ ਲੜ ਰਹੇ ਹਨ ਅਤੇ ਵਕੀਲ ਪਰਉਪਕਾਰ ਸਿੰਘ ਘੁੰਮਣ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਲੜ ਰਹੇ ਹਨ।
ਜਿਕਰਯੋਗ ਹੈ ਕਿ ਲੁਧਿਆਣਾ ਪੱਛਮੀ ਸੀਟ ‘ਤੇ ਕੁੱਲ 14 ਉਮੀਦਵਾਰ ਚੋਣ ਮੈਦਾਨ ‘ਚ ਹਨ। ਇੱਥੇ 1,75,469 ਵੋਟਰ ਹਨ, ਜਿਨ੍ਹਾਂ ‘ਚ 85,371 ਔਰਤਾਂ ਅਤੇ 10 ਥਰਡ ਜੈਂਡਰ ਦੇ ਵੋਟਰ ਸ਼ਾਮਲ ਹਨ। 100 ਫੀਸਦੀ ਲਾਈਵ ਵੈੱਬਕਾਸਟਿੰਗ ਦੇ ਨਾਲ 194 ਪੋਲਿੰਗ ਸਟੇਸ਼ਨਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
Read More: ਲੁਧਿਆਣਾ ਪੱਛਮੀ ਸੀਟ ‘ਤੇ ਸਵੇਰੇ 11 ਵਜੇ ਤੱਕ 21.51 ਫੀਸਦੀ ਵੋਟਿੰਗ ਦਰਜ