ਲੁਧਿਆਣਾ, 17 ਜੂਨ 2025: ਚੋਣਾਂ ‘ਚ ਵੋਟਰਾਂ ਦੀ ਸਹੂਲਤ ਵਧਾਉਣ ਦੇ ਉਦੇਸ਼ ਨਾਲ, ਭਾਰਤ ਚੋਣ ਕਮਿਸ਼ਨ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ, ਜਿਸ ਤਹਿਤ ਹਰੇਕ ਪੋਲਿੰਗ ਸਟੇਸ਼ਨ ‘ਤੇ ਮੋਬਾਈਲ ਫ਼ੋਨ ਜਮ੍ਹਾਂ ਕਰਵਾਉਣ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਹ ਸਹੂਲਤ ਆਉਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਲਾਗੂ ਕੀਤੀ ਜਾ ਰਹੀ ਹੈ, ਜਿਸ ‘ਚ 19 ਜੂਨ ਨੂੰ ਹੋਣ ਵਾਲੀ ਪੰਜਾਬ ਵਿਧਾਨ ਸਭਾ ਹਲਕਾ 64-ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵੀ ਸ਼ਾਮਲ ਹੈ।
ਇਹ ਨਵੀਂ ਸਹੂਲਤ ਭਾਰਤ ਚੋਣ ਕਮਿਸ਼ਨ ਵੱਲੋਂ 23 ਮਈ 2025 ਨੂੰ ਜਾਰੀ ਹਦਾਇਤਾਂ ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਹੈ, ਜਿਸਦਾ ਉਦੇਸ਼ ਚੋਣ ਸੰਚਾਲਨ ਨਿਯਮ, 1961 ਦੇ ਨਿਯਮ 49M ਦੇ ਤਹਿਤ ਵੋਟਰਾਂ ਦੇ ਤਜਰਬੇ ਨੂੰ ਬਿਹਤਰ ਬਣਾਉਣਾ ਅਤੇ ਵੋਟਿੰਗ ਦੀ ਗੁਪਤਤਾ ਬਣਾਈ ਰੱਖਣਾ ਹੈ। ਹੁਣ ਵੋਟਰ ਪੋਲਿੰਗ ਸਟੇਸ਼ਨ ‘ਤੇ ਪਹੁੰਚਣ ‘ਤੇ ਪੋਲਿੰਗ ਸਟੇਸ਼ਨ ਦੇ ਬਾਹਰ ਵਿਸ਼ੇਸ਼ ਕਾਊਂਟਰਾਂ ‘ਤੇ ਆਪਣੇ ਮੋਬਾਈਲ ਫ਼ੋਨ ਜਮ੍ਹਾਂ ਕਰਵਾ ਸਕਣਗੇ। ਇਨ੍ਹਾਂ ਕਾਊਂਟਰਾਂ ਦਾ ਸੰਚਾਲਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜੂਟ ਜਾਂ ਕੱਪੜੇ ਤੋਂ ਬਣੇ ਮੋਬਾਈਲ ਹੋਲਡਰਾਂ ਦੀ ਵਰਤੋਂ ਕਰਦੇ ਹੋਏ ਸਿਖਲਾਈ ਪ੍ਰਾਪਤ ਵਲੰਟੀਅਰਾਂ ਦੁਆਰਾ ਕੀਤਾ ਜਾਵੇਗਾ।
ਇਹ ਸਹੂਲਤ ਸਾਰੇ ਵੋਟਰਾਂ, ਖਾਸ ਕਰਕੇ ਔਰਤਾਂ, ਬਜ਼ੁਰਗ ਨਾਗਰਿਕਾਂ ਅਤੇ ਅਪਾਹਜ ਵਿਅਕਤੀਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ਨੂੰ ਅਕਸਰ ਮੋਬਾਈਲ ਫੋਨ ਤੋਂ ਬਿਨਾਂ ਮੁਸ਼ਕਿਲ ਆਉਂਦੀ ਹੈ। ਹਾਲਾਂਕਿ, ਪੋਲਿੰਗ ਸਟੇਸ਼ਨ ਦੇ ਅੰਦਰ ਮੋਬਾਈਲ ਫੋਨ ਲੈ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ 100 ਮੀਟਰ ਦੇ ਘੇਰੇ ‘ਚ ਮੋਬਾਈਲ ਫੋਨ ਬੰਦ ਕਰਨਾ ਲਾਜ਼ਮੀ ਹੋਵੇਗਾ |
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਇਸ ਪਹਿਲਕਦਮੀ ਦੇ ਪਾਇਲਟ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਪੱਛਮੀ ਜ਼ਿਮਨੀ-ਚੋਣ ਦੌਰਾਨ ਮੋਬਾਈਲ ਫੋਨ ਜਮ੍ਹਾਂ ਸਹੂਲਤ ਦੀ ਸ਼ੁਰੂਆਤ ਚੋਣ ਕਮਿਸ਼ਨ ਦੇ ਵੋਟਰਾਂ ਦੀ ਸਹੂਲਤ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਵੋਟਿੰਗ ਦੀ ਗੁਪਤਤਾ ਨੂੰ ਵੀ ਬਣਾਈ ਰੱਖਣ ਦੇ ਵਿਆਪਕ ਉਦੇਸ਼ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਇਹ ਸਹੂਲਤ ਲੁਧਿਆਣਾ ਪੱਛਮੀ ਖੇਤਰ ਦੇ ਸਾਰੇ 194 ਪੋਲਿੰਗ ਸਟੇਸ਼ਨਾਂ ‘ਤੇ ਇਕਸਾਰ ਲਾਗੂ ਕੀਤੀ ਜਾਵੇਗੀ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਵੋਟ ਪਾਉਣ ਤੋਂ ਬਾਅਦ ਮੋਬਾਈਲ ਫੋਨ ਸੁਰੱਖਿਅਤ ਢੰਗ ਨਾਲ ਵਾਪਸ ਕੀਤੇ ਜਾਣ।