Gatka Championship

ਨੈਸ਼ਨਲ ਖੇਡਾਂ ‘ਚ ਗੱਤਕਾ ਖੇਡ ਦਾ ਸ਼ਾਮਲ ਹੋਣਾ ਵੱਡੀ ਸਫਲਤਾ: ਹਰਜੀਤ ਸਿੰਘ ਗਰੇਵਾਲ

ਚੰਡੀਗੜ੍ਹ/ਨਵੀਂ ਦਿੱਲੀ, 12 ਜੂਨ 2025: ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ (Gatka Championship) ਦਾ ਉਦਘਾਟਨ ਅੱਜ ਡਾ. ਤੇਜਿੰਦਰਪਾਲ ਸਿੰਘ ਨਲਵਾ, ਪ੍ਰਧਾਨ, ਏਸ਼ੀਅਨ ਗੱਤਕਾ ਫੈਡਰੇਸ਼ਨ, ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਆਫ਼ ਇੰਡੀਆ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨਜੀਏਆਈ) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਕਾਰਜਕਾਰੀ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ ਦੀ ਮੌਜੂਦਗੀ ‘ਚ ਕੀਤਾ।

ਇਸ ਮੌਕੇ ਐਨਜੀਏਆਈ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਗੱਤਕਾ ਖੇਡ ਨੂੰ ਰਾਸ਼ਟਰੀ ਖੇਡਾਂ, ਖੇਲੋ ਇੰਡੀਆ ਯੂਥ ਗੇਮਜ਼, ਨੈਸ਼ਨਲ ਸਕੂਲ ਗੇਮਜ਼ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਗੇਮਜ਼ ‘ਚ ਸ਼ਾਮਲ ਹੋਣਾ ਇੱਕ ਵੱਡੀ ਸਫਲਤਾ ਹੈ, ਜਿਸ ਕਾਰਨ ਗੱਤਕਾ ਖੇਡ ਹੁਣ ਭਵਿੱਖ ‘ਚ ਅੰਤਰਰਾਸ਼ਟਰੀ ਖੇਡਾਂ ਦਾ ਹਿੱਸਾ ਬਣੇਗੀ।

ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਪ੍ਰਮੁੱਖ ਖੇਡਾਂ ‘ਚੋਂ ਇੱਕ ਅਤੇ ਸਵੈ-ਰੱਖਿਆ ਦੀ ਖੇਡ ਹੋਣ ਕਰਕੇ, ਗੱਤਕਾ ਦਾ ਭਵਿੱਖ ਬਹੁਤ ਹੀ ਉੱਜਵਲ ਹੈ ਅਤੇ ਇਸ ਲਈ ਮੁੰਡਿਆਂ ਅਤੇ ਕੁੜੀਆਂ ਨੂੰ ਇਸ ਖੇਡ ‘ਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ।

ਇਸ ਮੌਕੇ ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਡਾ. ਤਜਿੰਦਰਪਾਲ ਸਿੰਘ ਨਲਵਾ ਨੇ ਕਿਹਾ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੀ ਅਗਵਾਈ ਹੇਠ ਰਾਸ਼ਟਰੀ ਗੱਤਕਾ ਐਸੋਸੀਏਸ਼ਨ ਨੇ ਗੱਤਕੇ ਦੀ ਤਰੱਕੀ ‘ਚ ਇਤਿਹਾਸਕ ਮੱਲਾਂ ਮਾਰੀਆਂ ਹਨ ਅਤੇ ਭਵਿੱਖ ‘ਚ ਹੋਰ ਵੀ ਵੱਡੇ ਟੂਰਨਾਮੈਂਟ ਕਰਵਾਉਣ ਲਈ ਇੱਕ ਰੋਡਮੈਪ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਦੂਜਾ ਫੈਡਰੇਸ਼ਨ ਗੱਤਕਾ ਕੱਪ (Gatka Championship) ਦਸੰਬਰ ‘ਚ ਕਰਵਾਇਆ ਜਾਵੇਗਾ ਜਿਸ ‘ਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੀਆਂ ਗੱਤਕਾ ਟੀਮਾਂ ਹਿੱਸਾ ਲੈਣਗੀਆਂ। ਇਸ ਮੌਕੇ ਪੰਜਾਬ ਤੋਂ ਬਲਜੀਤ ਸਿੰਘ ਸੈਣੀ, ਸਰਬਜੀਤ ਸਿੰਘ ਅਤੇ ਯੋਗਰਾਜ ਸਿੰਘ, ਛੱਤੀਸਗੜ੍ਹ ਤੋਂ ਭਾਈ ਜਸਵੰਤ ਸਿੰਘ, ਤੇਲੰਗਾਨਾ ਤੋਂ ਵਿਸ਼ਾਲ ਸਿੰਘ, ਮਹਾਰਾਸ਼ਟਰ ਤੋਂ ਅੰਬੁਰੇ, ਮੱਧ ਪ੍ਰਦੇਸ਼ ਤੋਂ ਪਰਮਜੀਤ ਸਿੰਘ, ਝਾਰਖੰਡ ਤੋਂ ਪ੍ਰਿੰਸ ਮਿਸ਼ਰਾ, ਆਂਧਰਾ ਪ੍ਰਦੇਸ਼ ਤੋਂ ਸੁਰਿੰਦਰਾ ਰੈਡੀ, ਤਾਮਿਲਨਾਡੂ ਤੋਂ ਸੰਦੀਪ ਕੁਮਾਰ, ਦਿੱਲੀ ਤੋਂ ਗੁਰਮੀਤ ਸਿੰਘ ਰਾਣਾ ਅਤੇ ਅੰਗਦ ਸਿੰਘ ਮੌਜੂਦ ਸਨ।

Read More: ਨਵੀਂ ਦਿੱਲੀ 12 ਤੋਂ 14 ਜੂਨ ਤੱਕ ਹੋਵੇਗੀ ਤਿੰਨ ਰੋਜਾ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ

Scroll to Top