Amritsar Police

ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲਾ ਗਿਰੋਹ ਅੰਮ੍ਰਿਤਸਰ ਪੁਲਿਸ ਵੱਲੋਂ ਕਾਬੂ

ਅੰਮ੍ਰਿਤਸਰ, 10 ਜੂਨ 2025: ਅੰਮ੍ਰਿਤਸਰ ਪੁਲਿਸ ਨੇ ਔਰਤਾਂ ਰਾਹੀਂ ਲੋਕਾਂ ਨੂੰ ਫਸਾ ਕੇ ਅਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਇੱਕ ਰੈਕੇਟ ਦਾ ਪਰਦਾਫਾਸ ਕੀਤਾ ਹੈ | ਪੁਲਿਸ ਨੇ ਇਸ ਮਾਮਲੇ ‘ਚ 12 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ‘ਚ ਇੱਕ ਨਕਲੀ ਇੰਸਪੈਕਟਰ ਅਤੇ ਕੁਝ ਔਰਤਾਂ ਸ਼ਾਮਲ ਹਨ।

ਮਿਲੀ ਜਾਣਕਾਰੀ ਮੁਤਾਬਕ ਬਟਾਲਾ ਦੇ ਰਹਿਣ ਵਾਲੇ ਜਸਪਾਲ ਸਿੰਘ ਨੇ ਮਕਬੂਲਪੁਰਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਨੇ ਉਸਨੂੰ ਅੰਮ੍ਰਿਤਸਰ ਦੇ ਅਲਫ਼ਾ ਵਨ ਨੇੜੇ ਬੁਲਾਇਆ ਅਤੇ ਉਸਨੂੰ ਕਥਿਤ ਤੌਰ ‘ਤੇ ਇੱਕ ਕਮਰੇ ‘ਚ ਬੰਦ ਕਰ ਦਿੱਤਾ ਅਤੇ ਕਥਿਤ ਤੌਰ ‘ਤੇ ਅਸ਼ਲੀਲ ਵੀਡੀਓ ਬਣਾਈਆਂ। ਇਸ ਤੋਂ ਬਾਅਦ ਉਕਤ ਔਰਤ ਨੇ ਜਸਪਾਲ ਤੋਂ 4 ਲੱਖ ਰੁਪਏ ਦੀ ਮੰਗੇ |

ਏਡੀਸੀਪੀ ਜਗਰੂਪ ਕੌਰ ਬਾਠ ਮੁਤਾਬਕ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਇਸ ਗਿਰੋਹ ਦਾ ਪਰਦਾਫਾਸ਼ ਕਰਨ ਲਈ ਬਣਾਈਆਂ ਟੀਮਾਂ ਨੇ ਮਾਨਸਾ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਸਮੇਤ ਪੰਜਾਬ ਭਰ ‘ਚ ਛਾਪੇਮਾਰੀ ਕੀਤੀ ਅਤੇ ਮੁਲਜਮਾਂ ਨੂੰ ਕਾਬੂ ਕਰ ਲਿਆ |

ਫੜੇ ਗਏ ਵਿਅਕਤੀ ‘ਚ ਸੁਖਚੈਨ ਸਿੰਘ ਨਿਵਾਸੀ ਅੱਡਾ ਉਮਰਪੁਰਾ ਬਟਾਲਾ, ਮਨਜੀਤ ਸਿੰਘ ਨਿਵਾਸੀ ਲੇਬਰ ਕਲੋਨੀ ਅਲੀਵਾਲ, ਅਮਨਜੀਤ ਕੌਰ ਉਰਫ ਅਮਨ ਨਿਵਾਸੀ ਮਕਬੂਲਪੁਰਾ, ਰਾਜਬੀਰ ਸਿੰਘ ਉਰਫ ਰਾਜਾ ਨਿਵਾਸੀ ਮੋਹਿਤਾ ਰੋਡ ਮਕਬੂਲਪੁਰਾ, ਮਨਜੀਤ ਕੌਰ ਨਿਵਾਸੀ ਮਕਬੂਲਪੁਰਾ, ਸੋਨੂੰ ਨਿਵਾਸੀ ਪਿੰਡ ਜਮਸ਼ੇਰ ਖਾਸ, ਮਨਿੰਦਰਜੀਤ ਸਿੰਘ ਉਰਫ ਸੰਨੀ ਨਿਵਾਸੀ ਆਕਾਸ਼ ਵਿਹਾਰ ਕਲੋਨੀ, ਅੰਮ੍ਰਿਤਸਰ, ਸਾਹਨ ਸਿੰਘ ਨਿਵਾਸੀ ਪਿੰਡ ਟਾਹਲੀਆ,ਸਤਬੀਰ ਸਿੰਘ ਉਰਫ਼ ਰਾਜ੍ਹਾ ਵਾਸੀ ਪਿੰਡ ਬੀਜਾਪੁਰ ਘਰਿੰਡਾ, ਬਲਜੀਤ ਸਿੰਘ ਉਰਫ਼ ਬੀਟਾ ਵਾਸੀ ਜਲੰਧਰ, ਮਗਦ ਲੀਲਾ ਅਤੇ ਪੁਸ਼ਪਿੰਦਰ ਕੌਰ ਉਰਫ਼ ਪਿੰਦਰ ਵਾਸੀ ਪਿੰਡ ਰਾਮਗੜ੍ਹ ਕੁਲੀਆ ਮੁਕੇਰੀਆ ਸ਼ਾਮਲ ਹਨ |

ਦੱਸਿਆ ਜਾ ਰਿਹਾ ਕਿ ਇਸ ਗਿਰੋਹ ਦਾ ਇੱਕ ਮੈਂਬਰ ਆਪਣੇ ਆਪ ਨੂੰ ਪੁਲਿਸ ਇੰਸਪੈਕਟਰ ਦੱਸ ਕੇ ਲੋਕਾਂ ਨੂੰ ਧਮਕੀਆਂ ਦਿੰਦਾ ਸੀ। ਪੁਲਿਸ ਨੇ ਉਨ੍ਹਾਂ ਕੋਲੋਂ 15 ਮੋਬਾਈਲ ਫੋਨ, 36,000 ਰੁਪਏ ਨਕਦੀ ਅਤੇ ਤਿੰਨ ਕਾਰਾਂ ਬਰਾਮਦ ਕੀਤੀਆਂ ਹਨ।

ਪੁਲਿਸ ਨੇ ਅਗਵਾ ਅਤੇ ਜਬਰਨ ਵਸੂਲੀ ਦਾ ਮਾਮਲਾ ਦਰਜ ਕੀਤਾ ਹੈ। ਗਿਰੋਹ ਦੇ ਕੁਝ ਹੋਰ ਮੈਂਬਰ ਅਜੇ ਵੀ ਫਰਾਰ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਇਸ ਗਿਰੋਹ ਦਾ ਸ਼ਿਕਾਰ ਹੋਇਆ ਹੈ ਤਾਂ ਉਹ ਮਕਬੂਲਪੁਰਾ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਨ।

Read More: ਅੰਮ੍ਰਿਤਸਰ ਪੁਲਿਸ ਵੱਲੋਂ ਹੈਰੋਇਨ ਦੀ ਖੇਪ ਤੇ ਨਕਦੀ ਸਮੇਤ ਛੇ ਜਣੇ ਗ੍ਰਿਫ਼ਤਾਰ

Scroll to Top