ਦਿੱਲੀ, 09 ਜੂਨ 2025: Gold Silver Price: ਰਾਜਧਾਨੀ ਦਿੱਲੀ ‘ਚ ਚਾਂਦੀ ਇੱਕ ਵਾਰ ਫਿਰ ਸਿਖਰ ‘ਤੇ ਪਹੁੰਚ ਗਈ। ਚਾਂਦੀ ਦੀ ਕੀਮਤ 1,000 ਰੁਪਏ ਵਧ ਕੇ 1,08,100 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਰਿਕਾਰਡ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਸੋਨੇ ਦੀ ਕੀਮਤ 280 ਰੁਪਏ ਡਿੱਗ ਕੇ 97,780 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਹੋ ਗਈ ਹੈ।
99.5 ਪ੍ਰਤੀਸ਼ਤ ਸ਼ੁੱਧਤਾ ਵਾਲਾ ਸੋਨਾ 250 ਰੁਪਏ ਡਿੱਗ ਕੇ 97,350 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ‘ਤੇ ਆ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਸਦੀ ਪੁਸ਼ਟੀ ਕੀਤੀ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸੋਨਾ 1,630 ਰੁਪਏ ਡਿੱਗ ਕੇ 98,060 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਚਾਂਦੀ ਦੀ ਕੀਮਤ 1,07,100 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ‘ਤੇ ਸਥਿਰ ਰਹੀ । ਵਪਾਰੀਆਂ ਨੇ ਕਿਹਾ ਕਿ ਨਿਵੇਸ਼ਕਾਂ ਦੀ ਮਜ਼ਬੂਤ ਮੰਗ, ਕਮਜ਼ੋਰ ਡਾਲਰ, ਭੂ-ਰਾਜਨੀਤਿਕ ਤਣਾਅ ਅਤੇ ਵਧੀ ਹੋਈ EV ਅਤੇ ਸੂਰਜੀ ਉਦਯੋਗਿਕ ਮੰਗ ਕਾਰਨ ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ।
ਵਿਸ਼ਵ ਪੱਧਰ ‘ਤੇ ਹਾਜ਼ਿਰ ਸੋਨਾ ਮਾਮੂਲੀ ਤੌਰ ‘ਤੇ ਵਧ ਕੇ $3,312.84 ਪ੍ਰਤੀ ਔਂਸ ਹੋ ਗਿਆ। HDFC ਸਿਕਿਓਰਿਟੀਜ਼ ਦੇ ਕਮੋਡਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਕਿ ਸੋਮਵਾਰ ਨੂੰ ਮਿਸ਼ਰਤ ਸੰਕੇਤਾਂ ਦੇ ਵਿਚਕਾਰ ਸੋਨਾ ਆਪਣੀ ਸੀਮਾ ਦੇ ਹੇਠਲੇ ਸਿਰੇ ‘ਤੇ ਸਥਿਰ ਰਿਹਾ।
ਅੰਤਰਰਾਸ਼ਟਰੀ ਬਾਜ਼ਾਰ ‘ਚ ਸਪਾਟ ਚਾਂਦੀ 0.9 ਪ੍ਰਤੀਸ਼ਤ ਵਧ ਕੇ $36.30 ਪ੍ਰਤੀ ਔਂਸ ਹੋ ਗਈ। ਮਹਿਤਾ ਇਕੁਇਟੀਜ਼ ਦੇ ਕਮੋਡਿਟੀਜ਼ ਦੇ ਉਪ ਪ੍ਰਧਾਨ ਰਾਹੁਲ ਕਲਾੰਤਰੀ ਨੇ ਕਿਹਾ ਕਿ ਚਾਂਦੀ ਦੀਆਂ ਕੀਮਤਾਂ ਵਿਸ਼ਵ ਪੱਧਰ ‘ਤੇ 13 ਸਾਲਾਂ ਦੇ ਉੱਚ ਪੱਧਰ ਨੂੰ ਛੂਹਣ ਤੋਂ ਬਾਅਦ ਇੱਕ ਮਜ਼ਬੂਤ ਵਾਧੇ ਤੋਂ ਉਭਰ ਰਹੀਆਂ ਹਨ।
Read More: Gold Silver Price: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਹੋਇਆ ਵਾਧਾ