ਸਪੋਰਟਸ ਡੈਸਕ, 06 ਜੂਨ 2025: ਭਾਰਤ ਦੇ ਸਟਾਰ ਲੈੱਗ-ਸਪਿਨਰ ਪੀਯੂਸ਼ ਚਾਵਲਾ (Piyush Chawla) ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ ਹੈ। ਚਾਵਲਾ ਨੇ ਸ਼ੁੱਕਰਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਇਸਦਾ ਐਲਾਨ ਕੀਤਾ। ਪੀਯੂਸ਼ 2007 ਟੀ-20 ਵਿਸ਼ਵ ਕੱਪ ਅਤੇ 2011 ਵਨਡੇ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਪੀਯੂਸ਼ ਚਾਵਲਾ ਨੇ ਭਾਰਤ ਲਈ ਆਪਣਾ ਆਖਰੀ ਮੈਚ 2012 ‘ਚ ਖੇਡਿਆ ਸੀ।
ਹਾਲਾਂਕਿ, ਪੀਯੂਸ਼ (Piyush Chawla) ਨੂੰ 2007 ਟੀ-20 ਵਿਸ਼ਵ ਕੱਪ ‘ਚ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਪੀਯੂਸ਼ ਨੇ ਆਪਣੀ ਪੋਸਟ ਦੇ ਕੈਪਸ਼ਨ ‘ਚ ਲਿਖਿਆ, ‘ਸ਼ੁਕਰਗੁਜ਼ਾਰੀ ਨਾਲ ਇਸ ਅਧਿਆਇ ਦਾ ਅੰਤ ਕਰ ਰਿਹਾ ਹਾਂ !! ਖੇਡ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਰਿਹਾ ਹਾਂ। ਇਸ ਸੁੰਦਰ ਯਾਤਰਾ ‘ਚ ਤੁਹਾਡੇ ਸਾਰਿਆਂ ਦੇ ਸਮਰਥਨ ਲਈ ਧੰਨਵਾਦ। ਪੀਯੂਸ਼ ਨੇ ਆਪਣੀ ਪੋਸਟ ‘ਚ ਭਾਰਤੀ ਟੀਮ ਅਤੇ ਆਈਪੀਐਲ ਜਰਸੀ ‘ਚ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਮੇਰਾ ਦਿਲੋਂ ਧੰਨਵਾਦ IPL ਫ੍ਰੈਂਚਾਇਜ਼ੀ ਪੰਜਾਬ ਕਿੰਗਜ਼, ਕੋਲਕਾਤਾ ਨਾਈਟ ਰਾਈਡਰਜ਼, ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦਾ ਜਿਨ੍ਹਾਂ ਨੇ ਮੇਰੇ ‘ਤੇ ਵਿਸ਼ਵਾਸ ਕੀਤਾ । ਆਈ.ਪੀ.ਐੱਲ ਮੇਰੇ ਕਰੀਅਰ ਦਾ ਇੱਕ ਖਾਸ ਅਧਿਆਇ ਰਿਹਾ ਹੈ ਅਤੇ ਮੈਂ ਇਸ ‘ਚ ਖੇਡਣ ਦੇ ਹਰ ਪਲ ਨੂੰ ਸੰਭਾਲਿਆ ਹੈ।
ਬੀਸੀਸੀਆਈ, ਯੂਪੀਸੀਏ (ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ) ਅਤੇ ਜੀਸੀਏ (ਗੁਜਰਾਤ ਕ੍ਰਿਕਟ ਐਸੋਸੀਏਸ਼ਨ) ਦਾ ਵੀ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇੱਕ ਕ੍ਰਿਕਟਰ ਦੇ ਰੂਪ ‘ਚ ਆਪਣੇ ਆਪ ਨੂੰ ਅੱਗੇ ਵਧਾਉਣ ਅਤੇ ਪ੍ਰਗਟ ਕਰਨ ਦਾ ਪਲੇਟਫਾਰਮ ਅਤੇ ਮੌਕਾ ਪ੍ਰਦਾਨ ਕੀਤਾ।
ਪਿਊਸ਼ ਚਾਵਲਾ ਦਾ ਕ੍ਰਿਕਟ ਕਰੀਅਰ
ਪਿਊਸ਼ ਚਾਵਲਾ (Piyush Chawla) ਨੇ 2006 ‘ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ। ਚਾਵਲਾ ਨੇ ਆਪਣਾ ਪਹਿਲਾ ਮੈਚ 2006 ‘ਚ ਮੋਹਾਲੀ ‘ਚ ਇੰਗਲੈਂਡ ਵਿਰੁੱਧ ਟੈਸਟ ਮੈਚ ਦੇ ਰੂਪ ‘ਚ ਖੇਡਿਆ। ਫਿਰ ਚਾਵਲਾ ਨੇ 2007 ‘ਚ ਬੰਗਲਾਦੇਸ਼ ਵਿਰੁੱਧ ਵਨਡੇ ਅਤੇ 2010 ‘ਚ ਦੱਖਣੀ ਅਫਰੀਕਾ ਵਿਰੁੱਧ ਟੀ-20 ਡੈਬਿਊ ਕੀਤਾ। ਪਿਊਸ਼ ਨੇ ਭਾਰਤ ਲਈ ਆਖਰੀ ਟੈਸਟ ਮੈਚ ਦਸੰਬਰ 2012 ‘ਚ ਇੰਗਲੈਂਡ ਵਿਰੁੱਧ, ਆਖਰੀ ਵਨਡੇ 2011 ‘ਚ ਨੀਦਰਲੈਂਡ ਵਿਰੁੱਧ ਅਤੇ ਆਖਰੀ ਟੀ-20 ਮੈਚ 2012 ‘ਚ ਵਾਨਖੇੜੇ ਵਿਖੇ ਇੰਗਲੈਂਡ ਵਿਰੁੱਧ ਖੇਡਿਆ। ਇਸ ਤੋਂ ਬਾਅਦ ਉਹ ਕਦੇ ਵੀ ਭਾਰਤੀ ਟੀਮ ‘ਚ ਜਗ੍ਹਾ ਨਹੀਂ ਬਣਾ ਸਕਿਆ। ਹਾਲਾਂਕਿ, ਉਹ ਆਈਪੀਐਲ ਖੇਡਦਾ ਰਿਹਾ ਅਤੇ ਇਸ ਲੀਗ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ‘ਚੋਂ ਇੱਕ ਹੈ।
ਪਿਊਸ਼ ਨੇ ਭਾਰਤ ਲਈ ਤਿੰਨ ਟੈਸਟ, 25 ਵਨਡੇ ਅਤੇ ਸੱਤ ਟੀ-20 ਮੈਚ ਖੇਡੇ। ਪਿਊਸ਼ ਚਾਵਲਾ ਨੇ ਟੈਸਟ ‘ਚ ਸੱਤ ਵਿਕਟਾਂ, ਵਨਡੇ ‘ਚ 32 ਵਿਕਟਾਂ ਅਤੇ ਟੀ-20 ‘ਚ ਚਾਰ ਵਿਕਟਾਂ ਲਈਆਂ ਹਨ। ਆਈਪੀਐਲ ‘ਚ ਉਨਾਂ ਨੇ 192 ਮੈਚਾਂ ‘ਚ 192 ਵਿਕਟਾਂ ਲਈਆਂ। ਉਹ ਪਿਛਲੇ ਸਾਲ ਮੁੰਬਈ ਇੰਡੀਅਨਜ਼ ਟੀਮ ਦਾ ਹਿੱਸਾ ਸੀ। ਹਾਲਾਂਕਿ, ਉਸਨੂੰ ਮੈਗਾ ਨਿਲਾਮੀ ਤੋਂ ਪਹਿਲਾਂ ਹੀ ਰਿਹਾ ਕਰ ਦਿੱਤਾ ਗਿਆ ਸੀ ਅਤੇ ਕਿਸੇ ਨੇ ਉਸਨੂੰ ਨਿਲਾਮੀ ‘ਚ ਨਹੀਂ ਖਰੀਦਿਆ। ਇਸ ਤੋਂ ਬਾਅਦ ਉਹ ਇਸ ਆਈਪੀਐਲ ‘ਚ ਕੁਮੈਂਟਰੀ ਟੀਮ ਦਾ ਵੀ ਹਿੱਸਾ ਸੀ।
Read More: IND ਬਨਾਮ ENG: ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਐਲਾਨ