ਚੰਡੀਗੜ੍ਹ, 26 ਮਈ, 2025: ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ (ਨੰਬਰ 621/ਮਾਨਸਾ) ਨੂੰ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਸ਼ਿਕਾਇਤ ਨੰਬਰ 94/2025 ਦੀ ਜਾਂਚ ਤੋਂ ਬਾਅਦ, ਅਮਨਦੀਪ ਕੌਰ ਵਿਰੁੱਧ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਜਾਂਚ ਦੌਰਾਨ, ਉਕਤ ਮੁਲਜ਼ਮ ਦੀ ਤਨਖਾਹ, ਬੈਂਕ ਖਾਤਿਆਂ ਅਤੇ ਕਰਜ਼ੇ ਦੇ ਰਿਕਾਰਡ ਦੇ ਨਾਲ-ਨਾਲ 2018 ਅਤੇ 2025 ਦੇ ਵਿਚਕਾਰ ਉਸ ਦੁਆਰਾ ਹਾਸਲ ਕੀਤੀਆਂ ਚੱਲ ਅਤੇ ਅਚੱਲ ਜਾਇਦਾਦਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਗਈ।
ਵਿਜੀਲੈਂਸ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਸਮੇਂ ਦੌਰਾਨ ਅਮਨਦੀਪ ਕੌਰ ਦੀ ਕੁੱਲ ਆਮਦਨ 1,08,37,550 ਰੁਪਏ ਦੇ ਮੁਕਾਬਲੇ 1,39,64,802.97 ਰੁਪਏ ਸੀ, ਜੋ ਕਿ ਉਸਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ 31,27,252.97 ਰੁਪਏ ਵੱਧ ਅਤੇ ਉਸਦੀ ਜਾਇਜ਼ ਕਮਾਈ ਤੋਂ 28.85 ਪ੍ਰਤੀਸ਼ਤ ਵੱਧ ਹੈ।
ਵਿਜੀਲੈਂਸ ਨੇ ਦੱਸਿਆ ਜਾਂਚ ‘ਚ ਸਾਹਮਣੇ ਆਏ ਤੱਥਾਂ ਦੇ ਆਧਾਰ ‘ਤੇ, ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਅਤੇ 13(2) ਤਹਿਤ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ, ਬਠਿੰਡਾ ਰੇਂਜ ਵਿਖੇ ਮਿਤੀ 26/05/2025 ਨੂੰ ਕੇਸ ਨੰਬਰ 15 ਦਰਜ ਕੀਤਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।