ਚੰਡੀਗੜ੍ਹ/ਜਲੰਧਰ, 26 ਮਈ 2025: ਪੰਜਾਬ ਪੁਲਿਸ (Punjab Police) ਮੁਤਾਬਕ ਵਿਦੇਸ਼ ਅਧਾਰਤ ਅਰਸ਼ ਡੱਲਾ ਦੇ ਇੱਕ ਨਜ਼ਦੀਕੀ ਸਾਥੀ ਅਤੇ ਮਾਰੇ ਗਏ ਅੱ.ਤ.ਵਾ.ਦੀ ਤੇਜਾ ਮਹਿੰਦੀਪੁਰੀ ਦੇ ਭਰਾ ਜਿੰਦੀ ਮਹਿੰਦੀਪੁਰੀਆ ਨੂੰ ਅਹਿਮਦਾਬਾਦ, ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ। ਪੁਲਿਸ ਨੇ ਇਹ ਕਾਰਵਾਈ ਕਾਊਂਟਰ ਇੰਟੈਲੀਜੈਂਸ (ਸੀਆਈ) ਜਲੰਧਰ ਅਤੇ ਹੁਸ਼ਿਆਰਪੁਰ ਪੁਲਿਸ ਨੇ ਗੁਜਰਾਤ ਪੁਲਿਸ ਦੇ ਸਹਿਯੋਗ ਨਾਲ ਸਾਂਝੇ ਤੌਰ ‘ਤੇ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਲਵਿਸ਼ ਅਰਸ਼ ਡੱਲਾ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ ਅਤੇ ਜਬਰਦਸਤੀ ਦੀਆਂ ਗਤੀਵਿਧੀਆਂ ‘ਚ ਸ਼ਾਮਲ ਸੀ, ਜਿਸ ‘ਚ ਲੋਕਾਂ ਨੂੰ ਡਰਾਉਣ ਲਈ ਉਨ੍ਹਾਂ ‘ਤੇ ਗੋਲੀਬਾਰੀ ਕਰਨਾ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਦਾ ਲੰਮਾ ਅਪਰਾਧਿਕ ਰਿਕਾਰਡ ਹੈ ਅਤੇ ਉਸ ਖ਼ਿਲਾਫ਼ ਕਤਲ, ਗੋਲੀ ਚਲਾਉਣ ਦੀ ਧਮਕੀ ਦੇ ਕੇ ਪੈਸੇ ਵਸੂਲਣ ਦੀ ਕੋਸ਼ਿਸ਼ ਅਤੇ ਹੋਰ ਕਈ ਗੰਭੀਰ ਅਪਰਾਧਾਂ ਦੇ ਮਾਮਲੇ ਦਰਜ ਹਨ।
ਉਨ੍ਹਾਂ ਕਿਹਾ ਕਿ ਲਵਿਸ਼ ਆਪਣੇ ਵਿਦੇਸ਼ੀ ਹੈਂਡਲਰ ਦੇ ਲਗਾਤਾਰ ਸੰਪਰਕ ‘ਚ ਸੀ, ਜੋ ਪੰਜਾਬ ‘ਚ ਇੱਕ ਸਨਸਨੀਖੇਜ਼ ਅਪਰਾਧ ਕਰਨ ਦੀ ਤਿਆਰੀ ਕਰ ਰਿਹਾ ਸੀ। ਸੀਆਈ ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੰਜਾਬ ਪੁਲਿਸ (Punjab Police) ਪਿਛਲੇ ਕੁਝ ਮਹੀਨਿਆਂ ਤੋਂ ਲਵਿਸ਼ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੀ ਸੀ। ਉਨ੍ਹਾਂ ਕਿਹਾ ਕਿ ਤਕਨੀਕੀ ਅਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਗੁਜਰਾਤ ‘ਚ ਲੈਵਿਸ਼ ਦੀ ਮੌਜੂਦਗੀ ਦਾ ਪਤਾ ਲਗਾਇਆ। ਉਨ੍ਹਾਂ ਕਿਹਾ ਕਿ ਗੁਜਰਾਤ ਪੁਲਿਸ ਦੀ ਮਦਦ ਨਾਲ, ਅਸੀਂ ਗੁਜਰਾਤ ਦੇ ਉਸਮਾਨਪੁਰਾ ਇਲਾਕੇ ਤੋਂ ਲਵਿਸ਼ ਨੂੰ ਗ੍ਰਿਫ਼ਤਾਰ ਕੀਤਾ ਹੈ।
ਏਆਈਜੀ ਨੇ ਕਿਹਾ ਕਿ ਮੁੱਢਲੀ ਜਾਂਚ ਦੇ ਮੁਤਾਬਕ ਲਵਿਸ਼ ਨੇ ਰਾਹੋਂ ਸਥਿਤ ਇੱਕ ਸ਼ਰਾਬ ਠੇਕੇਦਾਰ ਅਤੇ ਨਵਾਂਸ਼ਹਿਰ ਸਥਿਤ ਇੱਕ ਟ੍ਰੈਵਲ ਏਜੰਟ ਦੀ ਰੇਕੀ ਕੀਤੀ ਸੀ, ਜਿਨ੍ਹਾਂ ਤੋਂ ਅਰਸ਼ ਡੱਲਾ ਨੇ 50-50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।
ਹੁਸ਼ਿਆਰਪੁਰ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਲਵਿਸ਼ ਮਈ 2024 ਵਿੱਚ ਹੁਸ਼ਿਆਰਪੁਰ ਦੇ ਮਾਡਲ ਟਾਊਨ ਇਲਾਕੇ ‘ਚ ਕਤਲ ਕਰਨ ਤੋਂ ਬਾਅਦ ਫਰਾਰ ਸੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਸੁਖਦੇਵ ਨਗਰ ‘ਚ ਇੱਕ ਵਿਅਕਤੀ ਨੂੰ ਪੈਸੇ ਵਸੂਲਣ ਲਈ ਡਰਾਉਣ-ਧਮਕਾਉਣ ਲਈ ਉਸ ਦੇ ਘਰ ‘ਤੇ ਗੋਲੀਆਂ ਵੀ ਚਲਾਈਆਂ ਸਨ। ਉਨ੍ਹਾਂ ਕਿਹਾ ਕਿ ਮਾਮਲੇ ‘ਚ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਹੋਰ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
Read More: ਪੰਜਾਬ ਪੁਲਿਸ ਵੱਲੋਂ ਨਾਰਕੋ-ਹਵਾਲਾ ਸਿੰਡੀਕੇਟ ਦਾ ਪਰਦਾਫਾਸ਼, ਲੱਖਾਂ ਰੁਪਏ ਦੀ ਹੈਰੋਇਨ ਸਣੇ 3 ਗ੍ਰਿਫਤਾਰ




