ਫਿਲੌਰ, 16 ਮਈ 2025: Nasha Mukti Yatra: ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ ‘ਚ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਜਲੰਧਰ ਦੇ ਫਿਲੌਰ ‘ਚ ‘ਨਸ਼ਾ ਮੁਕਤੀ ਯਾਤਰਾ’ ਦੀ ਰਸਮੀ ਸ਼ੁਰੂਆਤ ਕੀਤੀ। ਇਹ ਯਾਤਰਾ ਪੰਜਾਬ ਸਰਕਾਰ ਦੇ ਹਰ ਪਿੰਡ, ਹਰ ਵਾਰਡ ਅਤੇ ਹਰ ਮੁਹੱਲੇ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਦਾ ਪ੍ਰਤੀਕ ਹੈ।
ਪੰਜਾਬ ਸਰਕਾਰ ਦੀ ਇਸ ਮੁਹਿੰਮ ਦੀ ਸ਼ੁਰੂਆਤ ਫਿਲੌਰ ਦੇ ਪਿੰਡ ਲਖਨਪਾਲ ਤੋਂ ਕੀਤੀ ਗਈ ਸੀ, ਜਿੱਥੇ ਸੀਐੱਮ ਭਗਵੰਤ ਮਾਨ ਖੁਦ ਮੌਜੂਦ ਸਨ ਅਤੇ ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਨਸ਼ਿਆਂ ਵਿਰੁੱਧ ਲੜਾਈ ‘ਚ ਭਾਈਵਾਲ ਬਣਨ ਦੀ ਅਪੀਲ ਕੀਤੀ। ਸੀਐੱਮ ਨੇ ਕਿਹਾ, “ਇਹ ਲੜਾਈ ਸਿਰਫ਼ ਸਰਕਾਰ ਦੀ ਨਹੀਂ ਹੈ, ਇਹ ਹਰ ਪੰਜਾਬੀ ਦੀ ਹੈ। ਜਦੋਂ ਤੱਕ ਲੋਕ ਖੁਦ ਜਾਗਰੂਕ ਨਹੀਂ ਹੁੰਦੇ ਅਤੇ ਨਸ਼ੇ ਵਿਰੁੱਧ ਨਹੀਂ ਖੜ੍ਹੇ ਹੁੰਦੇ, ਇਸ ਜ਼ਹਿਰ ਨੂੰ ਖਤਮ ਨਹੀਂ ਕੀਤਾ ਜਾ ਸਕਦਾ।”
ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ ‘ਤੇ ਪੋਸਟ ਕੀਤਾ, “ਪੰਜਾਬ ਪੁਲਿਸ ਅਤੇ ਸਰਕਾਰ ਨੇ ਪਿਛਲੇ ਢਾਈ ਮਹੀਨਿਆਂ ‘ਚ ਨਸ਼ਾ ਤਸਕਰਾਂ ‘ਤੇ ਵੱਡੀ ਕਾਰਵਾਈ ਕੀਤੀ ਹੈ। ਪਰ ਹੁਣ ਇਹ ਲੜਾਈ ਇੱਕ ਜਨ ਲਹਿਰ ਬਣ ਜਾਵੇਗੀ। ਹਰ ਪਿੰਡ ਅਤੇ ਵਾਰਡ ਦੇ ਲੋਕ ਸਹੁੰ ਚੁੱਕਣਗੇ – ਉਹ ਖੁਦ ਨਸ਼ੇ ਦਾ ਸੇਵਨ ਨਹੀਂ ਕਰਨਗੇ, ਨਸ਼ੇ ਵੇਚਣ ਨਹੀਂ ਦੇਣਗੇ ਅਤੇ ਨਸ਼ੇ ਦੇ ਆਦੀਆਂ ਦਾ ਇਲਾਜ ਕਰਨਗੇ।”
ਪੰਜਾਬ ਸਰਕਾਰ ਦੀ ਇਸ ਮੁਹਿੰਮ (Nasha Mukti Yatra) ‘ਚ ਪੰਚਾਇਤਾਂ, ਗ੍ਰਾਮ ਰੱਖਿਆ ਕਮੇਟੀਆਂ, ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਿਲ ਕੇ ਕੰਮ ਕਰਨਗੇ। ਇਹ 2 ਤੋਂ 4 ਮਈ ਦੇ ਵਿਚਕਾਰ, ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਮੀਟਿੰਗਾਂ ਕੀਤੀਆਂ ਗਈਆਂ, ਜਿਸ ‘ਚ ਸਥਾਨਕ ਨੁਮਾਇੰਦਿਆਂ ਅਤੇ ਅਧਿਕਾਰੀਆਂ ਨੂੰ ਮੁਹਿੰਮ ਦੀ ਰੂਪ-ਰੇਖਾ ਤੋਂ ਜਾਣੂ ਕਰਵਾਇਆ ਗਿਆ। ਨਸ਼ਾ ਮੁਕਤੀ ਯਾਤਰਾ ਦਾ ਉਦੇਸ਼ ਸਿਰਫ਼ ਕਾਨੂੰਨ ਰਾਹੀਂ ਨਸ਼ੇ ਨੂੰ ਰੋਕਣਾ ਨਹੀਂ ਹੈ, ਸਗੋਂ ਜਨਤਕ ਭਾਗੀਦਾਰੀ ਰਾਹੀਂ ਸਮਾਜਿਕ ਤਬਦੀਲੀ ਲਿਆਉਣਾ ਵੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ, ਪੰਜਾਬ ਸਰਕਾਰ ਨੇ ਇੱਕ ਵਿਸ਼ੇਸ਼ ਹੈਲਪਲਾਈਨ ਸ਼ੁਰੂ ਕੀਤੀ ਹੈ ਜਿਸ ‘ਤੇ ਨਾਗਰਿਕ ਨਸ਼ਾ ਤਸਕਰੀ ਬਾਰੇ ਗੁਪਤ ਜਾਣਕਾਰੀ ਦੇ ਸਕਦੇ ਹਨ। ਇਸ ਦੇ ਨਾਲ ਹੀ ਨਸ਼ਾ ਛੱਡਣ ਦੇ ਚਾਹਵਾਨਾਂ ਲਈ ਸੂਬੇ ਭਰ ‘ਚ ਇਲਾਜ ਅਤੇ ਪੁਨਰਵਾਸ ਕੇਂਦਰਾਂ ਦੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਹੈ।
Read More: Tarn Taran: ਤਰਨਤਾਰਨ ਪੁਲਿਸ ਨੇ 85 ਕਿੱਲੋ ਹੈਰੋਇਨ ਕੀਤੀ ਜ਼ਬਤ, ਹੈਂਡਲਰ ਗ੍ਰਿਫਤਾਰ