ਚੰਡੀਗੜ੍ਹ, 30 ਅਪ੍ਰੈਲ 2025: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਹੁਣ ਤੱਕ 114 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ (Punjab Mandi) ‘ਚ ਪਹੁੰਚ ਚੁੱਕੀ ਹੈ, ਜਿਸ ‘ਚੋਂ 111 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਅੱਜ ਅਨਾਜ ਭਵਨ ਵਿਖੇ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਵੱਲੋਂ ਖਰੀਦ 100 ਲੱਖ ਮੀਟਰਿਕ ਟਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ ਮੌਜੂਦਾ ਸਮੇਂ ਮੰਡੀਆਂ ‘ਚੋਂ 103 ਲੱਖ ਮੀਟਰਿਕ ਟਨ ਕਣਕ ਦੀ ਸਰਕਾਰੀ ਖਰੀਦ ਕੀਤੀ ਹੈ।
ਕਿਸਾਨਾਂ ਨੂੰ ਅਦਾਇਗੀਆਂ ਦੇ ਸਬੰਧ ‘ਚ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਕਿਸਾਨਾਂ ਦੇ ਖਾਤਿਆਂ ‘ਚ 22815 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਜਾ ਚੁੱਕੀ ਹੈ। ਹੁਣ ਤੱਕ 6,28,674 ਕਿਸਾਨ ਆਪਣੀ ਉਪਜ ਮੰਡੀਆਂ (Punjab Mandi) ‘ਚ ਲਿਆ ਚੁੱਕੇ ਹਨ। ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਚੁਕਾਈ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਅਤੇ 47.37 ਲੱਖ ਮੀਟਰਿਕ ਟਨ ਕਣਕ ਦੀ ਚੁਕਾਈ ਹੋ ਚੁੱਕੀ ਹੈ ਜੋ ਕਿ 72 ਘੰਟਿਆਂ ਦੇ ਨਿਯਮਾਂ ਅਨੁਸਾਰ 56.6 ਫ਼ੀਸਦੀ ਹੈ।
ਇਸਦੇ ਨਾਲ ਹੀ ਸੁਚਾਰੂ ਅਤੇ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਭਰ ‘ਚ ਕੁੱਲ 2885 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਇਨ੍ਹਾਂ ‘ਚੋਂ 1864 ਨਿਯਮਤ ਹਨ ਜਦੋਂ ਕਿ 1021 ਅਸਥਾਈ ਹਨ। ਮੰਤਰੀ ਨੇ ਕਿਹਾ ਕਿ ਇਸ ਵਾਰ ਝਾੜ ਬਹੁਤ ਜ਼ਿਆਦਾ ਰਿਹਾ ਹੈ, ਜਿਸ ਕਾਰਨ ਪੰਜਾਬ ‘ਚ ਬੰਪਰ ਫ਼ਸਲ ਹੋਈ ਹੈ। ਇਹ 124 ਲੱਖ ਮੀਟ੍ਰਿਕ ਟਨ ਦੇ ਟੀਚੇ ਨੂੰ ਸਫਲਤਾਪੂਰਵਕ ਪ੍ਰਾਪਤ ਕਰਨ ‘ਚ ਬਹੁਤ ਮੱਦਦ ਕਰੇਗਾ।
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਹ ਨਿਯਮਤ ਅੰਤਰਾਲਾਂ ‘ਤੇ ਪੰਜਾਬ ਭਰ ਦੀਆਂ ਮੰਡੀਆਂ ਦਾ ਦੌਰਾ ਕਰਦੇ ਰਹੇ ਹਨ ਅਤੇ ਕਿਸੇ ਵੀ ਕਿਸਾਨ ਨੇ ਮੰਡੀਆਂ ‘ਚ ਕੀਤੇ ਪ੍ਰਬੰਧਾਂ ਬਾਰੇ ਸ਼ਿਕਾਇਤ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਤਰਪਾਲ, ਸਫ਼ਾਈ, ਪੀਣ ਵਾਲੇ ਪਾਣੀ ਆਦਿ ਵਰਗੀਆਂ ਸਾਰੀਆਂ ਜ਼ਰੂਰੀ ਸਹੂਲਤਾਂ ਨੂੰ ਯਕੀਨੀ ਬਣਾਇਆ ਗਿਆ ਹੈ।
Read More: ਮੰਡੀਆਂ ‘ਚ ਮੌਜੂਦਾ ਸੀਜ਼ਨ ਦੌਰਾਨ 125 ਲੱਖ ਮੀਟ੍ਰਿਕ ਟਨ ਕਣਕ ਆਉਣ ਦੀ ਉਮੀਦ: ਲਾਲ ਚੰਦ ਕਟਾਰੂਚੱਕ