ਚੇੱਨਈ, 25 ਅਪ੍ਰੈਲ 2025: CSK ਬਨਾਮ SRH: ਇੰਡੀਅਨ ਪ੍ਰੀਮੀਅਰ ਲੀਗ (IPL 2025) ‘ਚ ਚੇਨਈ ਸੁਪਰ ਕਿੰਗਜ਼ (CSK) ਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਦਾ ਅਹਿਮ ਮੁਕਾਬਲਾ ਹੈ | ਪਲੇਅਫ਼ ਦੀ ਦੌੜ ‘ਚ ਬਣੇ ਰਹਿਣ ਲਈ ਦੋਵੇਂ ਟੀਮ ਨੂੰ ਅੱਜ ਦੇ ਮੈਚ ‘ਚ ਜਿੱਤ ਲਾਜ਼ਮੀ ਹੈ | ਦੋਵੇਂ ਟੀਮਾਂ ਵਿਚਾਲੇ ਇਹ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ (ਚੇਪੌਕ ਵਿਖੇ ਸ਼ਾਮ 7:30 ਵਜੇ ਖੇਡਿਆ ਜਾਵੇਗਾ।
ਹੈਦਰਾਬਾਦ ਅਤੇ ਚੇੱਨਈ ਦੋਵੇਂ ਟੀਮਾਂ (CSK ਬਨਾਮ SRH) ਆਪਣੇ ਪਿਛਲੇ ਮੈਚ ‘ਚ ਮੁੰਬਈ ਤੋਂ ਹਾਰ ਗਈਆਂ ਹਨ। ਪਿਛਲੇ ਮੈਚ ‘ਚ ਮੁੰਬਈ ਇੰਡੀਅਨ ਨੇ ਚੇਨਈ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਸੀ | ਅੱਜ ਦਾ ਮੈਚ ਦੋਵਾਂ ਟੀਮਾਂ ਲਈ ਕਰੋ ਜਾਂ ਮਰੋ ਦਾ ਹੈ। ਇਹ ਮੈਚ ਜੋ ਵੀ ਟੀਮ ਹਾਰਦੀ ਹੈ, ਉਸ ਦੀਆਂ ਪਲੇਆਫ ‘ਚ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਜਾਣਗੀਆਂ।
ਚੇੱਨਈ ਹੁਣ ਤੱਕ 8 ‘ਚੋਂ 6 ਮੈਚ ਹਾਰ ਚੁੱਕੀ ਹੈ ਅਤੇ 4 ਅੰਕਾਂ ਨਾਲ ਅੰਕ ਸੂਚੀ ‘ਚ ਸਭ ਤੋਂ ਹੇਠਾਂ ਹੈ। ਦੂਜੇ ਪਾਸੇ, ਹੈਦਰਾਬਾਦ (SRH) 8 ‘ਚੋਂ 6 ਮੈਚ ਹਾਰਨ ਤੋਂ ਬਾਅਦ 4 ਅੰਕਾਂ ਨਾਲ 9ਵੇਂ ਸਥਾਨ ‘ਤੇ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਹੜੀ ਟੀਮ ਬਾਹਰ ਹੁੰਦੀ ਹੈ।
ਚੇਨਈ ਅਤੇ ਹੈਦਰਾਬਾਦ ਵਿਚਾਲੇ ਹੁਣ ਤੱਕ ਕੁੱਲ 22 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਚੇਨਈ ਨੇ 16 ਅਤੇ ਹੈਦਰਾਬਾਦ ਨੇ 6 ਜਿੱਤੇ ਹਨ। ਦੋਵੇਂ ਟੀਮਾਂ ਚੇਨਈ ‘ਚ 5 ਮੈਚ ਖੇਡੀਆਂ ਹਨ ਅਤੇ ਘਰੇਲੂ ਟੀਮ ਸੀਐਸਕੇ ਨੇ ਸਾਰੇ ਜਿੱਤੇ ਹਨ।
ਹੇਨਰਿਕ ਕਲਾਸੇਨ ਹੈਦਰਾਬਾਦ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਉਨ੍ਹਾਂ ਨੇ 8 ਮੈਚਾਂ ‘ਚ 281 ਦੌੜਾਂ ਬਣਾਈਆਂ ਹਨ। ਉਸ ਤੋਂ ਇਲਾਵਾ, ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਖੇਡ ਦਿਖਾਈ ਹੈ। ਹੈੱਡ ਨੇ 8 ਮੈਚਾਂ ‘ਚ 242 ਦੌੜਾਂ ਬਣਾਈਆਂ ਹਨ। ਅਭਿਸ਼ੇਕ ਸ਼ਰਮਾ ਨੇ 8 ਮੈਚਾਂ ਵਿੱਚ 240 ਦੌੜਾਂ ਬਣਾਈਆਂ ਹਨ।
ਇਸ ਸੀਜ਼ਨ ‘ਚ ਸੀਐਸਕੇ ਟੀਮ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਅਸਫਲ ਰਹੀ ਹੈ। ਟੀਮ ਦਾ ਕੋਈ ਵੀ ਖਿਡਾਰੀ 8 ਮੈਚ ਖੇਡਣ ਤੋਂ ਬਾਅਦ ਵੀ 250 ਦੌੜਾਂ ਦੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ ਹੈ। ਸ਼ਿਵਮ ਦੂਬੇ ਇਸ ਸਮੇਂ ਟੀਮ ਦਾ ਸਭ ਤੋਂ ਵੱਧ ਸਕੋਰਰ ਹੈ। ਉਸਨੇ 8 ਮੈਚਾਂ ਵਿੱਚ 230 ਦੌੜਾਂ ਬਣਾਈਆਂ ਹਨ। ਰਚਿਨ ਰਵਿੰਦਰ ਦੂਜੇ ਸਥਾਨ ‘ਤੇ ਹੈ। ਰਾਚਿਨ ਨੇ 8 ਮੈਚਾਂ ਵਿੱਚ 191 ਦੌੜਾਂ ਬਣਾਈਆਂ ਹਨ।
ਚਿਦੰਬਰਮ ਸਟੇਡੀਅਮ ਦੀ ਪਿੱਚ ਰਿਪੋਰਟ
ਐਮਏ ਚਿਦੰਬਰਮ ਸਟੇਡੀਅਮ ਦੀ ਪਿੱਚ ਸਪਿਨਰਾਂ ਲਈ ਮਦਦਗਾਰ ਸਾਬਤ ਹੋਈ ਹੈ। ਇੱਥੇ ਬੱਲੇਬਾਜ਼ੀ ਥੋੜ੍ਹੀ ਮੁਸ਼ਕਿਲ ਹੈ। ਹੁਣ ਤੱਕ ਇੱਥੇ 89 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 51 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਅਤੇ 38 ਮੈਚ ਪਿੱਛਾ ਕਰਨ ਵਾਲੀਆਂ ਟੀਮਾਂ ਨੇ ਜਿੱਤੇ। ਇੱਥੇ ਸਭ ਤੋਂ ਵੱਧ ਟੀਮ ਸਕੋਰ 246/5 ਹੈ, ਜੋ ਕਿ ਘਰੇਲੂ ਟੀਮ ਚੇਨਈ ਸੁਪਰ ਕਿੰਗਜ਼ ਨੇ 2010 ‘ਚ ਰਾਜਸਥਾਨ ਰਾਇਲਜ਼ ਖ਼ਿਲਾਫ ਬਣਾਇਆ ਸੀ।
ਮੌਸਮ ਦੇ ਹਾਲਾਤ
25 ਅਪ੍ਰੈਲ ਨੂੰ ਚੇਨਈ ‘ਚ ਬਹੁਤ ਗਰਮੀ ਹੋਵੇਗੀ। ਇਸ ਦਿਨ ਮੀਂਹ ਪੈਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। ਤਾਪਮਾਨ 28 ਡਿਗਰੀ ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਇਸਦੇ ਨਾਲ ਹੀ ਹਵਾ 17 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ।
Read More: RCB ਬਨਾਮ RR: ਰਾਇਲ ਚੈਲੇਂਜਰਜ਼ ਬੰਗਲੌਰ ਨੇ ਰਾਜਸਥਾਨ ਨੂੰ 11 ਦੌੜਾ ਨਾਲ ਹਰਾਇਆ