ਦਿੱਲੀ, 22 ਅਪ੍ਰੈਲ 2025: ਦਿੱਲੀ ਹਾਈ ਕੋਰਟ ਨੇ ਬਾਬਾ ਰਾਮਦੇਵ (Baba Ramdev) ਦੇ ਸ਼ਰਬਤ ਜਿਹਾਦ ‘ਤੇ ਦਿੱਤੇ ਬਿਆਨ ‘ਤੇ ਨਾਰਾਜ਼ਗੀ ਪ੍ਰਗਟਾਈ ਹੈ। ਜਸਟਿਸ ਅਮਿਤ ਬਾਂਸਲ ਨੇ ਸਖ਼ਤ ਹੁਕਮ ਜਾਰੀ ਕਰਨ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਅਦਾਲਤ ਦੀ ਅੰਤਰ ਆਤਮਾ ਨੂੰ ਠੇਸ ਪਹੁੰਚੀ ਹੈ ਅਤੇ ਇਹ ਜਾਇਜ਼ ਨਹੀਂ ਹੈ।
ਅਦਾਲਤ ਨੇ ਰਾਮਦੇਵ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੂੰ ਨਿਰਦੇਸ਼ ਲੈਣ ਅਤੇ ਅਗਲੀ ਸੁਣਵਾਈ ‘ਤੇ ਮੌਜੂਦ ਰਹਿਣ ਦਾ ਹੁਕਮ ਦਿੱਤਾ ਹੈ। 3 ਅਪ੍ਰੈਲ ਨੂੰ, ਆਪਣੇ ਸ਼ਰਬਤ ਬ੍ਰਾਂਡ ਦਾ ਪ੍ਰਚਾਰ ਕਰਦੇ ਹੋਏ, ਯੋਗ ਗੁਰੂ ਬਾਬਾ ਰਾਮਦੇਵ ਨੇ ਹਮਦਰਦ ਕੰਪਨੀ ਦੇ ਸ਼ਰਬਤ ‘ਤੇ ਇੱਕ ਕਥਿਤ ਵਿਵਾਦਪੂਰਨ ਟਿੱਪਣੀ ਕੀਤੀ ਸੀ।
ਹਮਦਰਦ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਹਾਲ ਹੀ ‘ਚ ਪਤੰਜਲੀ ਦੇ ਗੁਲਾਬ ਸ਼ਰਬਤ ਦਾ ਪ੍ਰਚਾਰ ਕਰਦੇ ਹੋਏ, ਰਾਮਦੇਵ (Baba Ramdev) ਨੇ ਦਾਅਵਾ ਕੀਤਾ ਸੀ ਕਿ ਹਮਦਰਦ ਦੇ ਰੂਹ ਅਫਜ਼ਾ ਤੋਂ ਕਮਾਏ ਪੈਸੇ ਦੀ ਵਰਤੋਂ ਮਦਰੱਸੇ ਅਤੇ ਮਸਜਿਦਾਂ ਬਣਾਉਣ ਲਈ ਕੀਤੀ ਗਈ ਸੀ। ਬਾਅਦ ‘ਚ ਰਾਮਦੇਵ ਨੇ ਆਪਣੀ ਟਿੱਪਣੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਸੇ ਬ੍ਰਾਂਡ ਜਾਂ ਭਾਈਚਾਰੇ ਦਾ ਨਾਮ ਨਹੀਂ ਲਿਆ। ਹਮਦਰਦ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਇਹ ਮਾਮਲਾ ਸਮਝ ਤੋਂ ਪਰੇ ਹੈ ਅਤੇ “ਫਿਰਕੂ ਪਾੜਾ” ਪੈਦਾ ਕਰਨ ਦਾ ਮਾਮਲਾ ਹੈ।
ਸੀਨੀਅਰ ਵਕੀਲ ਨੇ ਕਿਹਾ, ‘ਇਹ ਨਫ਼ਰਤ ਭਰਿਆ ਭਾਸ਼ਣ ਹੈ।’ ਉਹ ਕਹਿੰਦੇ ਹਨ ਕਿ ਇਹ ਸ਼ਰਬਤ ਜਿਹਾਦ ਹੈ। ਉਨ੍ਹਾਂ ਆਪਣਾ ਕੰਮ ਜਾਰੀ ਰੱਖਣਾ ਚਾਹੀਦਾ ਹੈ। ਉਹ ਸਾਨੂੰ ਕਿਉਂ ਪਰੇਸ਼ਾਨ ਕਰ ਰਹੇ ਹਨ? ਕਿਉਂਕਿ ਰਾਮਦੇਵ ਦੇ ਕੇਸ ਦੀ ਬਹਿਸ ਕਰਨ ਵਾਲੇ ਵਕੀਲ ਉਪਲਬੱਧ ਨਹੀਂ ਸਨ, ਇਸ ਲਈ ਅਦਾਲਤ ਕੁਝ ਸਮੇਂ ਬਾਅਦ ਇਸ ਮਾਮਲੇ ‘ਤੇ ਦੁਬਾਰਾ ਵਿਚਾਰ ਕਰੇਗੀ।
Read More: ਬਾਬਾ ਰਾਮਦੇਵ, ਆਚਾਰੀਆ ਬਾਲਕ੍ਰਿਸ਼ਨ ਖਿਲਾਫ਼ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ




