ਚੰਡੀਗੜ੍ਹ, 11 ਮਾਰਚ 2025: ਜਲਾਲਾਬਾਦ (Jalalabad) ਦੇ ਪਿੰਡ ਖੜੂੰਜ਼ ‘ਚ ਪੁੱਤਾਂ ਵਾਂਗ ਪਾਲੀ ਕਣਕ ਦੀ ਖੜ੍ਹੀ ਫ਼ਸਲ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਇੰਨੀ ਭਿਆਨਕ ਸੀ ਕਿ ਲਗਭਗ 5 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਹਾਲਾਂਕਿ, ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਟਰੈਕਟਰਾਂ ਅਤੇ ਸਪਰੇਅ ਟੈਂਕਾਂ ਦੀ ਮੱਦਦ ਨਾਲ ਅੱਗ ‘ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਪਾਵਰ ਸਪਾਰਕਿੰਗ ਕਾਰਨ ਫਸਲ ਨੂੰ ਅੱਗ ਲੱਗ ਗਈ।
ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਗਨਾਮ ਬਰਾੜ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਕਮਲਦੀਪ ਦੀ ਲਗਭਗ 15 ਏਕੜ ਖੜੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਹਾਲਾਂਕਿ, ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ। ਲਗਭਗ 14 ਤੋਂ 15 ਟਰੈਕਟਰ ਅਤੇ 10 ਸਪਰੇਅ ਟੈਂਕ ਲਿਆ ਕੇ ਅੱਗ ‘ਤੇ ਕਾਬੂ ਪਾਇਆ ਗਿਆ। ਪਰ ਲਗਭਗ 5 ਏਕੜ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦਾ ਦੋਸ਼ ਹੈ ਕਿ ਬਿਜਲੀ ਵਿਭਾਗ ਵੱਲੋਂ ਬਿਜਲੀ ਛੱਡੀ ਗਈ ਸੀ, ਜਿਸ ਕਾਰਨ ਕਣਕ ਦੀ ਫ਼ਸਲ ਨੂੰ ਸਪਾਰਕਿੰਗ ਕਾਰਨ ਅੱਗ ਲੱਗ ਗਈ ਅਤੇ ਕਿਸਾਨ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ।
ਪਿੰਡ ‘ਚ ਹੀ ਬਿਜਲੀ ਵਿਭਾਗ ਦੇ ਅਧਿਕਾਰੀ ਨੱਥਾ ਸਿੰਘ ਨੇ ਕਿਹਾ ਕਿ ਕਣਕ ਦੀ ਫ਼ਸਲ ਨੂੰ ਟਰਿੱਪਇੰਗ ਹੋਣ ਕਾਰਨ ਅੱਗ ਲੱਗ ਗਈ। ਫਿਲਹਾਲ ਸਥਿਤੀ ਕਾਬੂ ਹੇਠ ਆ ਗਈ ਹੈ।