ECI

ਭਾਰਤੀ ਚੋਣ ਕਮਿਸ਼ਨ ਵੱਲੋਂ ਮੀਡੀਆ ਨੋਡਲ ਅਫਸਰਾਂ ਲਈ ਇੱਕ-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ

ਚੰਡੀਗੜ੍ਹ, 10 ਅਪ੍ਰੈਲ 2025: ਭਾਰਤ ਦੇ ਚੋਣ ਕਮਿਸ਼ਨ ਨੇ ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ (IIIDEM), ਨਵੀਂ ਦਿੱਲੀ ਵਿਖੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੀਡੀਆ ਨੋਡਲ ਅਫਸਰਾਂ (Media Nodal Officers), ਸੋਸ਼ਲ ਮੀਡੀਆ ਨੋਡਲ ਅਫਸਰਾਂ ਅਤੇ ਲੋਕ ਸੰਪਰਕ ਅਫਸਰਾਂ ਲਈ ਇੱਕ ਦਿਨ ਦਾ ਓਰੀਐਂਟੇਸ਼ਨ ਪ੍ਰੋਗਰਾਮ ਕਰਵਇਆ ਕੀਤਾ। ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਚੋਣ ਅਧਿਕਾਰੀਆਂ ਅਤੇ ਮੀਡੀਆ ਵਿਚਕਾਰ ਤਾਲਮੇਲ ਨੂੰ ਮਜ਼ਬੂਤ ​​ਕਰਨਾ ਅਤੇ ਪਹਿਲਾਂ ਤੋਂ ਨਿਰਧਾਰਤ ਪਹਿਲਕਦਮੀਆਂ ਨੂੰ ਅੱਗੇ ਵਧਾਉਣਾ ਸੀ।

ਇਸ ਸਮਾਗਮ ‘ਚ ਦੇਸ਼ ਭਰ ਦੇ 28 ਸੂਬਿਆਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੀਡੀਆ ਅਧਿਕਾਰੀਆਂ ਨੇ ਹਿੱਸਾ ਲਿਆ। ਪੰਜਾਬ ਤੋਂ ਵਧੀਕ ਮੁੱਖ ਚੋਣ ਅਧਿਕਾਰੀ (ਏਸੀਈਓ) ਹਰੀਸ਼ ਨਈਅਰ ਅਤੇ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਨਰਿੰਦਰ ਪਾਲ ਸਿੰਘ ਜਗਦੀਓ ਨੇ ਭਾਗ ਲਿਆ।

ਇਸ ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦੇਸ਼ ਕਾਨੂੰਨੀ ਢਾਂਚੇ – ਜਿਵੇਂ ਕਿ ਲੋਕ ਪ੍ਰਤੀਨਿਧਤਾ ਐਕਟ 1950 ਅਤੇ 1951, ਰਜਿਸਟ੍ਰੇਸ਼ਨ ਆਫ ਵੋਟਰ ਰੂਲਜ਼ 1960, ਚੋਣ ਨਿਯਮ 1961 ਅਤੇ ਚੋਣ ਕਮਿਸ਼ਨ ਦੁਆਰਾ ਸਮੇਂ-ਸਮੇਂ ‘ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਵੱਖ-ਵੱਖ ਮੀਡੀਆ ਪਲੇਟਫਾਰਮਾਂ ਰਾਹੀਂ ਜਾਣਕਾਰੀ ਅਤੇ ਗਿਆਨ ਦਾ ਪ੍ਰਸਾਰ ਕਰਨ, ਗਲਤ ਜਾਣਕਾਰੀ ਦਾ ਮੁਕਾਬਲਾ ਕਰਨ ਅਤੇ ਵੋਟਰ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਸੰਚਾਰ ਰਣਨੀਤੀ ਵਿਕਸਤ ਕਰਨਾ ਸੀ।

ਇਸ ਮੌਕੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਚੋਣ ਪ੍ਰਕਿਰਿਆ ‘ਚ ਮੀਡੀਆ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ ਅਤੇ ਮੌਜੂਦਾ ਡਿਜੀਟਲ ਯੁੱਗ ‘ਚ ਵੋਟਰਾਂ ਦਾ ਚੋਣ ਪ੍ਰਣਾਲੀ ‘ਚ ਵਿਸ਼ਵਾਸ ਬਣਾਈ ਰੱਖਣ ਲਈ ਤੱਥ-ਅਧਾਰਤ, ਸਮੇਂ ਸਿਰ ਅਤੇ ਪਾਰਦਰਸ਼ੀ ਸੰਚਾਰ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਕਿਸੇ ਵੀ ਗਲਤ ਜਾਣਕਾਰੀ, ਮਾਨਤਾ ਜਾਂ ਅਫਵਾਹ ਦਾ ਮੁਕਾਬਲਾ ਸਿਰਫ਼ ਅਤੇ ਸਿਰਫ਼ ਸੱਚੀ, ਸਹੀ ਅਤੇ ਤੱਥਾਂ ਵਾਲੀ ਜਾਣਕਾਰੀ ਰਾਹੀਂ ਹੀ ਕੀਤਾ ਜਾ ਸਕਦਾ ਹੈ ਅਤੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ, ਦੇਸ਼ ਭਰ ਦੇ ਮੀਡੀਆ ਅਧਿਕਾਰੀਆਂ ਨੂੰ ਵੱਖ-ਵੱਖ ਮੀਡੀਆ ਪਲੇਟਫਾਰਮਾਂ ਦੀ ਯੋਜਨਾਬੱਧ ਅਤੇ ਅਰਥਪੂਰਨ ਵਰਤੋਂ ਕਰਨੀ ਚਾਹੀਦੀ ਹੈ।

Read More: ਭਾਰਤੀ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਦੀਆਂ ਸਿਆਸੀ ਪਾਰਟੀਆਂ ਨਾਲ ਬੈਠਕਾਂ

Scroll to Top