ਚੰਡੀਗੜ੍ਹ, 10 ਅਪ੍ਰੈਲ 2025: ਇੰਡੀਅਨ ਪ੍ਰੀਮਿਅਰ ਲੀਗ 2025 ਦੇ 24ਵੇਂ ਮੈਚ ਅੱਜ ਰਾਇਲ ਚੈਲੇਂਜਰਜ਼ ਬੰਗਲੁਰੂ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਅਹਿਮ ਮੁਕਾਬਲਾ ਹੋਣ ਜਾ ਰਿਹਾ ਹੈ | ਦੋਵੇਂ ਟੀਮਾਂ ਵਿਚਾਲੇ ਇਹ ਮੈਚ ਐਮ ਚਿੰਨਾਸਵਾਮੀ ਸਟੇਡੀਅਮ, ਬੰਗਲੁਰੂ ਵਿਖੇ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।
ਦਿੱਲੀ ਕੈਪੀਟਲਜ਼ ਨੇ ਇਸ ਸੀਜ਼ਨ ‘ਚ 3 ਮੈਚ ਖੇਡੇ ਅਤੇ ਸਾਰੇ ਜਿੱਤੇ ਹਨ। ਦੂਜੇ ਪਾਸੇ, ਬੰਗਲੁਰੂ ਨੇ 18ਵੇਂ ਸੀਜ਼ਨ ‘;ਚ ਹੁਣ ਤੱਕ 4 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ 3 ਜਿੱਤੇ ਹਨ ਅਤੇ 1 ਹਾਰਿਆ ਹੈ।ਬੈਂਗਲੁਰੂ ਦਾ ਹੈੱਡ ਟੂ ਹੈੱਡ ਮੈਚਾਂ ‘ਚ ਦਿੱਲੀ ਉੱਤੇ ਬੜ੍ਹਤ ਹੈ। ਆਈਪੀਐਲ ਵਿੱਚ ਦੋਵਾਂ ਟੀਮਾਂ ਵਿਚਕਾਰ ਕੁੱਲ 32 ਮੈਚ ਖੇਡੇ ਗਏ, ਆਰਸੀਬੀ ਨੇ 20 ਜਿੱਤੇ ਹਨ | ਇਸਦੇ ਨਾਲ ਹੀ ਜਦੋਂ ਕਿ ਦਿੱਲੀ ਨੇ 11 ਜਿੱਤੇ ਅਤੇ 1 ਮੈਚ ਦਾ ਨਤੀਜਾ ਨਹੀਂ ਨਿਕਲਿਆ। ਇਸ ਦੇ ਨਾਲ ਹੀ ਬੈਂਗਲੁਰੂ ਸਟੇਡੀਅਮ ‘ਚ ਦੋਵਾਂ ਟੀਮਾਂ ਵਿਚਕਾਰ 11 ਮੈਚ ਖੇਡੇ ਗਏ, ਜਿਨ੍ਹਾਂ ‘ਚੋਂ ਆਰਸੀਬੀ ਨੇ 6 ਅਤੇ ਡੀਸੀ ਨੇ 4 ਜਿੱਤੇ ਹਨ। ਇੱਕ ਮੈਚ ਦਾ ਨਤੀਜਾ ਨਹੀਂ ਨਿਕਲ ਸਕਿਆ ਸੀ।
ਰਾਇਲ ਚੈਲੇਂਜਰਜ਼ ਬੰਗਲੁਰੂ ਦੇ ਬੱਲੇਬਾਜ਼ ਵਿਰਾਟ ਕੋਹਲੀ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 4 ਮੈਚਾਂ ‘ਚ ਕੁੱਲ 164 ਦੌੜਾਂ ਬਣਾਈਆਂ ਹਨ। ਉਨ੍ਹਾਂ ਤੋਂ ਬਾਅਦ ਰਜਤ ਪਾਟੀਦਾਰ ਨੇ ਵੀ 4 ਮੈਚਾਂ ‘ਚ ਕੁੱਲ 161 ਦੌੜਾਂ ਬਣਾਈਆਂ ਹਨ।
ਦਿੱਲੀ ਕੈਪੀਟਲਜ਼ ਦੇ ਬੱਲੇਬਾਜ਼ ਕੇਐਲ ਰਾਹੁਲ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ। ਰਾਹੁਲ ਨੇ 2 ਮੈਚਾਂ ‘ਚ ਕੁੱਲ 92 ਦੌੜਾਂ ਬਣਾਈਆਂ ਹਨ। ਆਪਣੇ ਆਖਰੀ ਮੈਚ ‘ਚ, ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ 77 ਦੌੜਾਂ ਦਾ ਅਰਧ ਸੈਂਕੜਾ ਲਗਾਇਆ। ਉਨ੍ਹਾਂ ਤੋਂ ਬਾਅਦ, ਫਾਫ ਡੂ ਪਲੇਸਿਸ ਨੇ 2 ਮੈਚਾਂ ‘ਚ 79 ਦੌੜਾਂ ਬਣਾਈਆਂ ਹਨ। ਜਦੋਂ ਕਿ ਮਿਸ਼ੇਲ ਸਟਾਰਕ ਗੇਂਦਬਾਜ਼ੀ ‘ਚ ਸਿਖਰ ‘ਤੇ ਹਨ। ਉਨ੍ਹਾਂ ਨੇ 3 ਮੈਚਾਂ ‘ਚ 9 ਵਿਕਟਾਂ ਲਈਆਂ ਹਨ।
ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਰਿਪੋਰਟ
ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਸਾਬਤ ਹੁੰਦੀ ਹੈ। ਹੁਣ ਤੱਕ ਇੱਥੇ 96 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 41 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਅਤੇ 51 ਮੈਚ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ ਹਨ। ਇੱਥੇ ਵੀ ਚਾਰ ਮੈਚ ਬੇਸਿੱਟਾ ਰਹੇ।
ਕਿਹੋ ਜਿਹਾ ਰਹੇਗਾ ਮੌਸਮ
10 ਅਪ੍ਰੈਲ ਨੂੰ ਬੰਗਲੁਰੂ ‘ਚ ਦਿਨ ਭਰ ਧੁੱਪ ਅਤੇ ਬੱਦਲਵਾਈ ਰਹੇਗੀ। ਵੀਰਵਾਰ ਨੂੰ ਬੰਗਲੁਰੂ ਵਿੱਚ ਮੀਂਹ ਪੈਣ ਦੀ ਸੰਭਾਵਨਾ 4 ਫੀਸਦੀ ਹੈ। ਮੈਚ ਵਾਲੇ ਦਿਨ ਇੱਥੇ ਜ਼ਿਆਦਾਤਰ ਬੱਦਲਵਾਈ ਰਹੇਗੀ। ਤਾਪਮਾਨ 22 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
Read More: MS ਧੋਨੀ ਦੇ ਸਮਰਥਨ ‘ਚ ਨਿੱਤਰੇ ਉਥੱਪਾ, ਕਿਹਾ- “CSK ਲਈ ਪਰੇਸ਼ਾਨੀ ਦਾ ਕਾਰਨ ਨਹੀਂ ਧੋਨੀ”