Vigilance Bureau

ਵਿਜੀਲੈਂਸ ਬਿਊਰੋ ਨੇ ਹੋਮਿਓਪੈਥਿਕ ਡਾਕਟਰ ਨੂੰ 3.50 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ, 04 ਅਪ੍ਰੈਲ 2025: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਰਈਆ ਦੇ ਰਹਿਣ ਵਾਲੇ ਇੱਕ ਪ੍ਰਾਈਵੇਟ ਹੋਮਿਓਪੈਥਿਕ ਡਾ. ਅਰਵਿੰਦ ਕੁਮਾਰ ਨੂੰ ਤਰਨਤਾਰਨ ਵਿੱਚ 3.50 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਇਸ ਬਾਰੇ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਕਸਬੇ ਦੇ ਵਸਨੀਕ ਅਸ਼ੋਕ ਕੁਮਾਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਹੈ। ਸ਼ਿਕਾਇਤ ਦੇ ਮੁਤਾਬਕ ਡਾਕਟਰ ਅਰਵਿੰਦ ਕੁਮਾਰ ਨੇ ਸ਼ੁਰੂ ‘ਚ ਡਾਕਟਰ ਸੁਮਿਤ ਸਿੰਘ ਵੱਲੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ, ਜੋ ਇਸ ਸਮੇਂ ਮਾਨਵਾਲਾ, ਅੰਮ੍ਰਿਤਸਰ ਵਿਖੇ ਸੀਨੀਅਰ ਮੈਡੀਕਲ ਅਫਸਰ (ਐਸਐਮਓ) ਵਜੋਂ ਤਾਇਨਾਤ ਹੈ। ਇਹ ਰਿਸ਼ਵਤ ਕਥਿਤ ਤੌਰ ‘ਤੇ ਇੱਕ ਚੱਲ ਰਹੇ ਅਦਾਲਤੀ ਕੇਸ ‘ਚ ਸ਼ਿਕਾਇਤਕਰਤਾ ਦੇ ਹੱਕ ‘ਚ ਡਾਕਟਰ ਸੁਮਿਤ ਸਿੰਘ ਦੀ ਗਵਾਹੀ ਦੇ ਬਦਲੇ ਮੰਗੀ ਗਈ ਸੀ। ਬਾਅਦ ‘ਚ ਇਹ ਰਕਮ ਘਟਾ ਕੇ 3.50 ਲੱਖ ਰੁਪਏ ਕਰ ਦਿੱਤੀ।

ਵਿਜੀਲੈਂਸ ਦੇ ਬੁਲਾਰੇ ਨੇ ਕਿਹਾ ਕਿ ਇਹ ਮਾਮਲਾ ਐਸਐਮਓ ਰਾਜੇਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪਾਤੜਾਂ ਪੁਲਿਸ ਸਟੇਸ਼ਨ ‘ਚ ਪੀਐਨਡੀਟੀ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਅਸ਼ੋਕ ਕੁਮਾਰ ਅਤੇ ਹੋਰਾਂ ਵਿਰੁੱਧ ਦਰਜ ਗਏ ਮਾਮਲੇ ਨਾਲ ਸਬੰਧਤ ਹੈ। ਡਾ. ਸੁਮਿਤ ਸਿੰਘ ਇਸ ਮਾਮਲੇ ‘ਚ ਇੱਕ ਮੁੱਖ ਗਵਾਹ ਹਨ।

ਵਿਜੀਲੈਂਸ (Vigilance Bureau) ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਤਰਨਤਾਰਨ ‘ਚ ਡਾਕਟਰ ਅਰਵਿੰਦ ਕੁਮਾਰ ਨੂੰ ਸ਼ਿਕਾਇਤਕਰਤਾ ਤੋਂ 3.50 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ, ਜਦੋਂ ਉਹ ਸਰਹੱਦੀ ਖੇਤਰ ਦੇ ਵਸਨੀਕਾਂ ਖਾਸ ਕਰਕੇ ਦਾਜ ਦੇ ਮਾਮਲਿਆਂ ਅਤੇ ਮਹਿਲਾ ਸਸ਼ਕਤੀਕਰਨ ਲਈ ਕੰਮ ਕਰਨ ਵਾਲੀ ਰਾਸ਼ਟਰੀ ਪੱਧਰ ਦੀ ਕਮੇਟੀ ‘ਸਰਹਦੀ ਲੋਕ ਸੇਵਾ ਸਮਿਤੀ’ ਦੇ ਦਫ਼ਤਰ ‘ਚ ਮੌਜੂਦ ਸੀ।

ਸਬੂਤ ਵਜੋਂ ਪੇਸ਼ ਕੀਤੀਆਂ ਆਡੀਓ ਰਿਕਾਰਡਿੰਗਾਂ ਨੇ ਰਿਸ਼ਵਤ ਦੀ ਮੰਗ ਦੀ ਪੁਸ਼ਟੀ ਕੀਤੀ, ਜਿਸ ਕਾਰਨ ਗ੍ਰਿਫ਼ਤਾਰੀ ਹੋਈ। ਇਸ ਸਬੰਧ ‘ਚ, ਡਾਕਟਰ ਅਰਵਿੰਦ ਕੁਮਾਰ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਪੁਲਿਸ ਸਟੇਸ਼ਨ, ਫਲਾਇੰਗ ਸਕੁਐਡ-1, ਪੰਜਾਬ, ਮੋਹਾਲੀ ਵਿਖੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਨੂੰ ਕੱਲ੍ਹ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੋਰ ਜਾਂਚ ਜਾਰੀ ਹੈ ਅਤੇ ਡਾ. ਸੁਮਿਤ ਸਿੰਘ ਅਤੇ ਹੋਰ ਸਬੰਧਤ ਵਿਅਕਤੀਆਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

Read More: Chandigarh News: ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਨੂੰ ਅਹੁਦੇ ਤੋਂ ਹਟਾਇਆ, ਜਾਣੋ ਹੁਣ ਕਿਸ ਦੇ ਹੱਥ ਕਮਾਨ

Scroll to Top