ਚੰਡੀਗੜ੍ਹ, 19 ਮਾਰਚ 2025: ਕੇਂਦਰ ਅਤੇ ਕਿਸਾਨਆ ਆਗੂਆਂ ਵਿਚਾਲੇ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (MSP) ਸਮੇਤ ਹੋਰ ਮੰਗਾਂ ‘ਤੇ ਸੱਤਵੇਂ ਦੌਰ ਦੀ ਗੱਲਬਾਤ ਲਗਭਗ ਚਾਰ ਘੰਟੇ ਚੱਲੀ, ਪਰ ਬੈਠਕ ‘ਚ ਕੋਈ ਨਤੀਜਾ ਨਹੀਂ ਨਿਕਲਿਆ | ਬੈਠਕ ਤੋਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੋਵਾਂ ਪਾਸਿਆਂ ਤੋਂ ਗੱਲਬਾਤ ਸਕਾਰਾਤਮਕ ਅਤੇ ਉਦੇਸ਼ਪੂਰਨ ਰਹੀ ਅਤੇ ਚਰਚਾ ਜਾਰੀ ਰਹੇਗੀ। ਹੁਣ ਅਗਲੀ ਬੈਠਕ 4 ਮਈ ਨੂੰ ਹੋਵੇਗੀ।
ਜਿਕਰਯੋਗ ਹੈ ਕਿ ਕਿਸਾਨਾਂ ਵੱਲੋਂ 28 ਕਿਸਾਨ ਆਗੂ ਸਾਂਝੇ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਦੇ ਕਨਵੀਨਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਪਹੁੰਚੇ ਸਨ। ਦੂਜੇ ਪਾਸੇ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪ੍ਰਹਿਲਾਦ ਜੋਸ਼ੀ ਅਤੇ ਪਿਊਸ਼ ਗੋਇਲ ਤੋਂ ਇਲਾਵਾ, ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਬੈਠਕ ਤੋਂ ਪਹਿਲਾਂ ਮੋਹਾਲੀ ਤੋਂ ਚੰਡੀਗੜ੍ਹ ਆ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਸਰਹੱਦ ‘ਤੇ ਰੋਕ ਲਿਆ। ਪੁਲਿਸ ਨੇ ਕਈ ਵਾਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਪੁਲਿਸ ਮੁਤਾਬਕ ਉਹਨਾਂ ਨੂੰ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਜਾਣ ਦੇਣ ਦਾ ਕੋਈ ਹੁਕਮ ਨਹੀਂ ਮਿਲਿਆ ਹੈ। ਲਗਭਗ ਅੱਧੇ ਘੰਟੇ ਬਾਅਦ ਕਿਸਾਨਾਂ ਨੂੰ ਜਾਣ ਦਿੱਤਾ ਗਿਆ।
ਇਸਦੇ ਨਾਲ ਹੀ ਸ਼ੰਭੂ ਬਾਰਡਰ ਦੇ ਨੇੜਲੇ ਕਈਂ ਇਲਾਕਿਆਂ ‘ਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀਆਂ ਅਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤਾ ਗਿਆ | ਮਿਲੀ ਜਾਣਕਾਰੀ ਮੁਤਾਬਕ ਪੁਲਿਸ ਅਧਿਕਾਰੀਆਂ ਨੂੰ ਸ਼ੰਭੂ ‘ਚ ਰਹਿਣ ਦੀ ਹਦਾਇਤ ਦਿੱਤੀ ਗਈ | ਇਲਾਕੇ ‘ਚ ਦੰਗਾ ਕੰਟਰੋਲ ਵਾਹਨ ਅਤੇ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ | ਦੂਜੇ ਪਾਸੇ ਇਹ ਸਪੱਸ਼ਟ ਨਹੀਂ ਕਿ ਪੁਲਿਸ ਬਲ ਤਾਇਨਾਤੀ ਪ੍ਰਦਸ਼ਨਕਾਰੀਆ ਨੂੰ ਖਿੰਡਾਉਣ ਲਈ ਹੈ ਜਾਂ ਕਿਸੇ ਹੋਰ ਕਾਰਨ ਹੈ |
ਪੁਲਿਸ ਨੂੰ ਸ਼ੰਭੂ ਤੋਂ ਲਗਭਗ 15 ਕਿੱਲੋਮੀਟਰ ਦੌੜ ਬਨੂੜ ਦੇ ਨੇੜੇ ਤਾਇਨਾਤ ਪੁਲਿਸ ਬਲ ਨੂੰ ਚੌਕਸ ਰਹਿਣ ਦੀਆਂ ਹਦਾਇਤਾਂ ਸਨ | ਇਸ ਦੌਰਾਨ ਪੁਲਿਸ ਵਲੋਂ ਕਈਂ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ |
ਦੂਜੇ ਪਾਸੇ ਕਿਸਾਨਾਂ ਦੀ ਕੇਂਦਰ ਨਾਲ ਬੈਠਕ ਤੋਂ ਪਹਿਲਾਂ ਸੰਗਰੂਰ ਨੇੜਲੇ ਪੁਲਿਸ ਟਰੇਨਿੰਗ ਸੈਂਟਰ ਲੱਡਾ ਕੋਠੀ ‘ਚ ਕਈਂ ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਹੋਈ | ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਮੁਤਾਬਕ ਲੱਡਾ ਕੋਠੀ ਵਿਖੇ ਮਾਨਸਾ, ਪਟਿਆਲਾ, ਸੰਗਰੂਰ, ਬਠਿੰਡਾ ਤੇ ਬਰਨਾਲਾ ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕੀਤੀ ਗਈ | ਕਿਸਾਨ ਆਗੂਆਂ ਨੇ ਖਦਸ਼ਾ ਜਤਾਇਆ ਕਿ ਪੁਲਿਸ ਸ਼ੰਭੂ ਅਤੇ ਖਨੌਰੀ ਮੋਰਚੇ ਤੋਂ ਕਿਸਾਨਾਂ ਨੂੰ ਖਦੇੜ ਸਕਦੀ ਹੈ |
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਅਚਾਨਕ ਪੰਜਾਬ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪੁਲਿਸ ਫੋਰਸ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਪੰਜਾਬ ਸਰਕਾਰ ਹੀ ਦੱਸ ਸਕਦੀ ਹੈ ਕਿ ਇਹ ਸਾਡੀ ਸੁਰੱਖਿਆ ਲਈ ਹੈ ਜਾਂ ਕੋਈ ਹੋਰ ਇਨਪੁਟ ਹੈ। ਅਸੀਂ ਇਸ ਬਾਰੇ ਸਰਕਾਰ ਨਾਲ ਗੱਲਬਾਤ ਕਰਾਂਗੇ। ਇਹ ਸਰਕਾਰ ਨੂੰ ਦੱਸਣਾ ਪਵੇਗਾ।
Read More: Farmers Protest: ਕੇਂਦਰ ਸਰਕਾਰ ਤੇ ਕਿਸਾਨਾਂ ਦੀ ਬੈਠਕ ਰਹੀ ਬੇਸਿੱਟਾ, 22 ਫਰਵਰੀ ਨੂੰ ਮੁੜ ਹੋਵੇਗੀ ਬੈਠਕ