ਚੰਡੀਗੜ੍ਹ, 19 ਮਾਰਚ 2025: ਜਲੰਧਰ (Jalandhar) ਦੇ ਮਿੱਠਾਪੁਰ ਨੇੜੇ ਇੱਕ ਖੇਤ ‘ਚ ਅੱਜ ਸਵੇਰੇ ਕਿਸੇ ਨੇ ਭਰੂਣ (fetus) ਨੂੰ ਕੱਪੜੇ ‘ਚ ਲਪੇਟ ਕੇ ਖੇਤ ‘ਚ ਸੁੱਟ ਦਿੱਤਾ | ਜਾਣਕਾਰੀ ਮੁਤਾਬਕ ਭਰੂਣ ਨੂੰ ਸਭ ਤੋਂ ਪਹਿਲਾਂ ਸੁਰਿੰਦਰ ਸਿੰਘ ਨਾਮ ਦੇ ਇੱਕ ਕਿਸਾਨ ਨੇ ਦੇਖਿਆ ਜੋ ਖੇਤ ‘ਚ ਚਾਰਾ ਵੱਢਣ ਲਈ ਆਇਆ ਹੋਇਆ ਸੀ।
ਭਰੂਣ ਨੂੰ ਦੇਖਦਿਆਂ ਹੀ ਉਕਤ ਕਿਸਾਨ ਨੇ ਪਿੰਡ ਦੇ ਲੋਕਾਂ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਭਰੂਣ ਸੁੱਟਣ ਵਾਲੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਦੌਰਾਨ, ਭਰੂਣ (fetus) ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ, ਜਲੰਧਰ ਭੇਜਿਆ ਗਿਆ ਹੈ।
ਕਿਸਾਨ ਸੁਰਿੰਦਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਗਾਂ ਲਈ ਚਾਰਾ ਵੱਢਣ ਲਈ ਖੇਤ ਆਇਆ ਤਾਂ ਉਸਨੇ ਇੱਕ ਬੱਚੇ ਦਾ ਭਰੂਣ ਨੀਲੇ ਕੱਪੜੇ ‘ਚ ਲਪੇਟਿਆ ਹੋਇਆ ਮਿਲਿਆ। ਭਰੂਣ ਬਿਲਕੁਲ ਤਾਜ਼ਾ ਜਾਪਦਾ ਸੀ। ਇਸ ਦੌਰਾਨ ਸੁਰਿੰਦਰ ਭਾਵੁਕ ਹੋ ਗਿਆ| ਸੁਰਿੰਦਰ ਨੇ ਦੱਸਿਆ ਕਿ ਕੱਲ੍ਹ ਇੱਥੇ ਕੁਝ ਵੀ ਨਹੀਂ ਸੀ। ਪੁਲਿਸ ਨੂੰ ਇਸ ਮਾਮਲੇ ‘ਚ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ ‘ਤੇ ਇੱਕ ਭਰੂਣ ਮਿਲਿਆ ਹੈ। ਜਦੋਂ ਅਸੀਂ ਜਾਂਚ ਲਈ ਮੌਕੇ ‘ਤੇ ਪਹੁੰਚੇ, ਤਾਂ ਬੱਚਾ ਮਰ ਚੁੱਕਾ ਸੀ। ਮੌਕੇ ਤੋਂ ਅਜੇ ਤੱਕ ਕੋਈ ਸੀਸੀਟੀਵੀ ਨਹੀਂ ਮਿਲਿਆ ਹੈ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
Read More: Crime: ਬੈਗ ‘ਚੋਂ ਮਿਲਿਆ ਭ.ਰੂ.ਣ, ਇਲਾਕੇ ‘ਚ ਫੈਲੀ ਸਨਸਨੀ