Halwara Airport

ਹਲਵਾਰਾ ਹਵਾਈ ਅੱਡਾ ਅਗਲੇ 2-3 ਮਹੀਨਿਆਂ ‘ਚ ਹੋਵੇਗਾ ਕਾਰਜਸ਼ੀਲ: MP ਸੰਜੀਵ ਅਰੋੜਾ

ਚੰਡੀਗੜ੍ਹ, 19 ਮਾਰਚ 2025: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ (MP Sanjeev Arora) ਨੇ ਕਿਹਾ ਹੈ ਕਿ ਹਲਵਾਰਾ ਹਵਾਈ ਅੱਡਾ (Halwara Airport) ਅਗਲੇ 2-3 ਮਹੀਨਿਆਂ ‘ਚ ਕਾਰਜਸ਼ੀਲ ਹੋ ਜਾਵੇਗਾ ਅਤੇ ਇਸ ਸੰਬੰਧੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਅੱਜ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ‘ਚ ਉਨ੍ਹਾਂ ਕਿਹਾ ਕਿ ਜਿਵੇਂ ਹੀ ਹਵਾਈ ਅੱਡਾ ਚਾਲੂ ਹੋਵੇਗਾ, ਲੁਧਿਆਣਾ ਦਾ ਵਿਕਾਸ ਤੇਜ਼ ਰਫ਼ਤਾਰ ਨਾਲ ਹੋਵੇਗਾ।

ਐੱਮਪੀ ਸੰਜੀਵ ਅਰੋੜਾ ਨੇ ਕਿਹਾ ਕਿ ‘ਆਪ’ ਸਰਕਾਰ ਲੁਧਿਆਣਾ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡ ਰਹੀ। ਅਗਲੇ 2 ਮਹੀਨਿਆਂ ‘ਚ ਲੁਧਿਆਣਾ ਦੀਆਂ ਸਾਰੀਆਂ ਸੜਕਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਇਸ ਵਾਰ ਵੀ ਲੁਧਿਆਣਾ ਦੇ ਲੋਕਾਂ ਨੂੰ ਗਰਮੀਆਂ ‘ਚ ਬਿਜਲੀ ਦੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਲੁਧਿਆਣਾ ‘ਚ 200 ਤੋਂ ਵੱਧ ਨਵੇਂ ਟ੍ਰਾਂਸਫਾਰਮਰ ਤੇਜ਼ੀ ਨਾਲ ਲਗਾਏ ਜਾ ਰਹੇ ਹਨ।

ਸੰਜੀਵ (MP Sanjeev Arora) ਨੇ ਕਿਹਾ ਕਿ ਮੁਰੰਮਤ ਕੀਤੇ ਸਿਵਲ ਹਸਪਤਾਲ ‘ਚ ਡਾਕਟਰਾਂ ਦੀ ਘਾਟ ਸੀ ਅਤੇ ਇਸ ਨੂੰ ਛੇਤੀ ਹੀ ਦੂਰ ਕਰ ਦਿੱਤਾ ਜਾਵੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦਾ ਇਸ ਤਰ੍ਹਾਂ ਨਵੀਨੀਕਰਨ ਕੀਤਾ ਗਿਆ ਹੈ ਕਿ ਭਵਿੱਖ ‘ਚ ਲੋਕ ਆਪਣੇ ਇਲਾਜ ਲਈ ਨਿੱਜੀ ਹਸਪਤਾਲਾਂ ‘ਚ ਨਹੀਂ ਜਾਣਗੇ ਸਗੋਂ ਸਿਵਲ ਹਸਪਤਾਲ ਆਉਣਗੇ।

ਇਹ ਦੁੱਖ ਦੀ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਸਿਵਲ ਹਸਪਤਾਲ ਦੀ ਦੇਖਭਾਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਕੱਲੇ ਹਵਾਈ ਅੱਡੇ ਦੇ ਨਿਰਮਾਣ ਨਾਲ ਹੀ ਲੁਧਿਆਣਾ ਦੀ ਜੀਡੀਪੀ ‘ਚ ਵਾਧਾ ਹੋਵੇਗਾ।

Read More: ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਜਲਦ ਕੀਤਾ ਜਾਵੇਗਾ ਮੁਕੰਮਲ: ਵਿਕਰਮਜੀਤ ਸਾਹਨੀ

Scroll to Top