Sexed Semen Doses

ਪੰਜਾਬ ਸਰਕਾਰ 5.3 ਕਰੋੜ ਰੁਪਏ ਦੀ ਲਾਗਤ ਨਾਲ 2 ਲੱਖ ਸੈਕਸਡ ਸੀਮਨ ਖੁਰਾਕਾਂ ਦੀ ਖਰੀਦੇਗੀ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 15 ਮਾਰਚ 2025: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 5.3 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 2 ਲੱਖ ਸੈਕਸਡ ਸੀਮਨ ਖੁਰਾਕਾਂ (Sexed Semen Doses) ਦੀ ਖਰੀਦ ਕੀਤੀ ਜਾਵੇਗੀ। ਸਰਕਾਰ ਮੁਤਾਬਕ ਸੂਬੇ ‘ਚ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ ਕੇ ਪਸ਼ੂ ਪਾਲਕਾਂ ਦੇ ਸਮਾਜਿਕ-ਆਰਥਿਕ ਸਥਿਤੀ ਨੂੰ ਹੋਰ ਉੱਚਾ ਚੁੱਕਣ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਹੈ |

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਕਿਸਾਨ ਭਵਨ ਵਿਖੇ “ਪੰਜਾਬ ਦੇ ਪਸ਼ੂ ਪਾਲਕਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਲਈ ਪਸ਼ੂ ਪਾਲਣ ਵਿਭਾਗ ਦੀ ਭੂਮਿਕਾ” ਵਿਸ਼ੇ’ਤੇ ਕਰਵਾਏ ਗਏ ਸੈਮੀਨਾਰ ‘ਚ ਸੰਬੋਧਨ ਕਰ ਰਹੇ ਸਨ |

ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਮਹੀਨੇ ਸੈਕਸਡ ਸੀਮਨ ਦੀਆਂ 50,000 ਖੁਰਾਕਾਂ (Sexed Semen Doses) ਦੀ ਖਰੀਦ ਕੀਤੀ ਜਾਵੇਗੀ ਅਤੇ ਜੂਨ 2025 ਮਹੀਨੇ ਤੱਕ ਇਸ ਦੀਆਂ 1.50 ਲੱਖ ਹੋਰ ਖੁਰਾਕਾਂ ਦੀ ਖ਼ਰੀਦੀਆਂ ਜਾਣਗੀਆਂ। ਮੰਤਰੀ ਨੇ ਕਿਹਾ ਕਿ ਪਿਛਲੇ 2 ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਗਾਵਾਂ ਅਤੇ ਮੱਝਾਂ ਲਈ ਸੈਕਸਡ ਸੀਮਨ ਦੀਆਂ 1.75 ਲੱਖ ਖੁਰਾਕਾਂ ਸਪਲਾਈ ਕੀਤੀਆਂ ਹਨ, ਇਨ੍ਹਾਂ ‘ਚੋਂ ਹੁਣ ਤੱਕ 1.58 ਲੱਖ ਖੁਰਾਕਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ।

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪ੍ਰਾਈਵੇਟ ਪ੍ਰੈਕਟੀਸ਼ਨਰ ਸੈਕਸਡ ਸੀਮਨ ਨੂੰ ਜ਼ਿਆਦਾ ਕੀਮਤਾਂ ‘ਤੇ ਵੇਚਦੇ ਹਨ, ਜਦੋਂ ਕਿ ਸਰਕਾਰੀ ਸੰਸਥਾਵਾਂ ‘ਚ ਇਹ ਸਿਰਫ਼ 250 ਰੁਪਏ ਪ੍ਰਤੀ ਇੱਕ ਖੁਰਾਕ ਮਿਲਦੀ ਹੈ।

ਉਨ੍ਹਾਂ ਕਿਹਾ ਕਿ ਸੈਕਸਡ ਸੀਮਨ ਦੀ ਵਰਤੋਂ ਨਾਲ 90 ਫ਼ੀਸਦ ਤੋਂ ਵੱਧ ਵੱਛੀਆਂ ਤੇ ਕੱਟੀਆਂ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਪਸ਼ੂ ਪਾਲਕਾਂ ਦਾ ਵੱਛਿਆਂ ਤੇ ਕੱਟਿਆਂ ਦੇ ਪਾਲਣ-ਪੋਸ਼ਣ ‘ਤੇ ਹੋਣ ਵਾਲਾ ਖਰਚੇ ‘ਹ ਬੱਚਤ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸੀਮਨ ਦੀ ਉੱਚ ਜੈਨੇਟਿਕ ਸਮਰਥਾ ਸੂਬੇ ‘ਚ ਮੌਜੂਦਾ ਜਰਮ-ਪਲਾਜ਼ਮ ਨੂੰ ਹੋਰ ਬਿਹਤਰ ਬਣਾਉਣ ‘ਚ ਯੋਗਦਾਨ ਦੇਵੇਗੀ।

ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਇਸ ਸੀਮਨ ਦੀ ਵਰਤੋਂ ਕਰਕੇ ਗਾਵਾਂ ਅਤੇ ਮੱਝਾਂ ਦੀਆਂ ਉੱਚ ਜੈਨੇਟਿਕ ਸਮਰਥਾ ਵਾਲੀਆਂ ਵੱਛੀਆਂ ਤੇ ਕੱਟੀਆਂ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੱਕ ਸੈਕਸਡ ਸੀਮਨ ਦੀ ਵਰਤੋਂ ਕਰਨ ਨਾਲ ਅਵਾਰਾ ਜਾਨਵਰਾਂ ਦੇ ਮੁੱਦੇ ਨੂੰ ਹੱਲ ਕਰਨ ‘ਚ ਵੀ ਮੱਦਦ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਸੈਮੀਨਾਰ ‘ਚ ਪਸ਼ੂ ਭਲਾਈ, ਜਾਨਵਰਾਂ ‘ਚ ਮੈਗਨੇਟ ਫੀਡਿੰਗ ਅਤੇ ਐਨ.ਐਲ.ਐਮ. ‘ਚ ਪ੍ਰੋਜੈਕਟਾਂ ਬਾਰੇ ਕਈ ਹੋਰ ਮੁੱਦੇ ਵਿਚਾਰੇ ਗਏ।

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਜੀ.ਐਸ. ਬੇਦੀ ਨੇ ਸੈਕਸਡ ਸੀਮਨ ਦੇ ਨਤੀਜੇ ਸਾਂਝੇ ਕਰਦੇ ਹੋਏ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹੇ ਦੇ ਪਿੰਡ ਸੀਰਵਾਲੀ ਵਾਸੀ ਕਿਸਾਨ ਜਗਸੀਰ ਸਿੰਘ ਦੇ ਘਰ ਕੁੱਲ 8 ਵੱਛੀਆਂ ਪੈਦਾ ਹੋਈਆਂ ਹਨ। ਇਸਦੇ ਨਾਲ ਹੀ ਲੁਬਾਣਿਆਂਵਾਲੀ ਦੇ ਵਾਸੀ ਬਘੇਲ ਸਿੰਘ ਦੇ ਘਰ ਵੀ 8 ਵੱਛੀਆਂ ਨੇ ਪੈਦਾ ਹੋਈਆਂ ਹਨ। ਇਨ੍ਹਾਂ ਵੱਛੀਆਂ ਦਾ ਭਾਰ ਦੂਜਿਆਂ ਵੱਛੀਆਂ ਦੇ ਮੁਕਾਬਲੇ ਵੱਧ ਹੈ ਅਤੇ ਇਹ ਉਚ ਗੁਣਵੱਤਾ ਵਾਲੀਆਂ ਨਸਲਾਂ ਨਾਲ ਸਬੰਧਤ ਹਨ। ਇਸੇ ਤਰ੍ਹਾਂ ਫਾਜ਼ਿਲਕਾ ਜ਼ਿਲ੍ਹੇ ਦੇ ਸਰਦਾਰਪੁਰਾ ਪਿੰਡ ਦੇ ਸੰਤ ਕੁਮਾਰ ਦੀ ਮਹਿਜ਼ 63 ਦਿਨਾਂ ਦੀ ਵੱਛੀ ਦਾ ਭਾਰ 80 ਕਿਲੋਗ੍ਰਾਮ ਹੈ।

Read More: ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਸਕੀਮ ਅਧੀਨ 9500 ਕਿਸਾਨਾਂ ਨੂੰ 4.34 ਕਰੋੜ ਰੁਪਏ ਵੰਡੇ: ਗੁਰਮੀਤ ਸਿੰਘ ਖੁੱਡੀਆਂ

Scroll to Top