ਚੰਡੀਗੜ੍ਹ, 11 ਮਾਰਚ 2025: ਆਈਸੀਸੀ ਚੈਂਪੀਅਨਜ਼ ਟਰਾਫੀ-2025 ਦੇ ਫਾਈਨਲ ਮੈਚ ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਖ਼ਿਤਾਬ ‘ਤੇ ਕਬਜ਼ਾ ਕਰ ਲਿਆ। ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡੇ ਮੈਚ ‘ਚ ਭਾਰਤੀ ਟੀਮ ਨੇ 12 ਸਾਲਾਂ ਬਾਅਦ ਚੈਂਪੀਅਨਜ਼ ਟਰਾਫੀ ਜਿੱਤੀ ਹੈ। ਇਸ ਜਿੱਤ ਤੋਂ ਬਾਅਦ ਦੇਸ਼ ਭਰ ‘ਚ ਜਸ਼ਨ ਦਾ ਮਾਹੌਲ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਟੀਮ ਇੰਡੀਆ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ।
ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਸਟਾਗ੍ਰਾਮ ‘ਤੇ ਲਿਖਿਆ, “ਇੱਕ ਅਸਾਧਾਰਨ ਖੇਡ ਅਤੇ ਇੱਕ ਅਸਾਧਾਰਨ ਨਤੀਜਾ!” ਆਈਸੀਸੀ ਚੈਂਪੀਅਨਜ਼ ਟਰਾਫੀ ਘਰ ਲਿਆਉਣ ਲਈ ਆਪਣੀ ਕ੍ਰਿਕਟ ਟੀਮ ‘ਤੇ ਮਾਣ ਹੈ। ਭਾਰਤ ਦੀ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਾਡੀ ਟੀਮ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈਆਂ। ਪੀਐਮ ਮੋਦੀ ਦੇ ਇਸ ਸੰਦੇਸ਼ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਵਧਾਈਆਂ ਦਾ ਹੜ੍ਹ ਆ ਗਿਆ।
ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਜਿੱਤ ਇਤਿਹਾਸ ਰਚੇਗੀ। ਉਨ੍ਹਾਂ ਲਿਖਿਆ, ਆਈਸੀਸੀ ਚੈਂਪੀਅਨਜ਼ ਟਰਾਫੀ 2025 ‘ਚ ਸ਼ਾਨਦਾਰ ਜਿੱਤ ‘ਤੇ ਟੀਮ ਇੰਡੀਆ ਨੂੰ ਵਧਾਈਆਂ। ਤੁਹਾਡੀ ਤੇਜ਼ ਊਰਜਾ ਅਤੇ ਮੈਦਾਨ ‘ਤੇ ਅਟੁੱਟ ਦਬਦਬੇ ਨੇ ਦੇਸ਼ ਨੂੰ ਮਾਣ ਦਿਵਾਇਆ ਹੈ ਅਤੇ ਮਹਾਨ ਕ੍ਰਿਕਟ ਲਈ ਇੱਕ ਨਵਾਂ ਮਿਆਰ ਸਥਾਪਤ ਕੀਤਾ ਹੈ।
ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਵੀ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਜਿੱਤ ਹਰ ਭਾਰਤੀ ਲਈ ਮਾਣ ਵਾਲਾ ਪਲ ਹੈ। ਉਨ੍ਹਾਂ ਨੇ X ‘ਤੇ ਲਿਖਿਆ, ਸ਼ਾਨਦਾਰ ਜਿੱਤ, ਮੁੰਡਿਓ! ਤੁਹਾਡੇ ‘ਚੋਂ ਹਰੇਕ ਨੇ ਅਰਬਾਂ ਦਿਲਾਂ ਨੂੰ ਮਾਣ ਨਾਲ ਭਰ ਦਿੱਤਾ ਹੈ। ਟੂਰਨਾਮੈਂਟ ‘ਚ ਟੀਮ ਇੰਡੀਆ ਦਾ ਪ੍ਰਦਰਸ਼ਨ ਸੱਚਮੁੱਚ ਪ੍ਰੇਰਨਾਦਾਇਕ ਰਿਹਾ ਹੈ, ਵਧਾਈਆਂ ਚੈਂਪੀਅਨਜ਼!