ਜਲੰਧਰ, 07 ਮਾਰਚ 2025: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ‘ਚ ਅਹਿਮ ਸਫਲਤਾ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਬੀਕੇਆਈ ਦੁਆਰਾ ਸਮਰਥਤ ਇੱਕ ਦੇਸ਼ ਵਿਰੋਧੀ ਮਾਡਿਊਲ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ | ਪੁਲਿਸ ਮੁਤਾਬਕ ਇਸ ਗ੍ਰਿਫਤਾਰੀ ਨਾਲ ਪੰਜਾਬ ‘ਚ ਟਾਰਗੇਟ ਕਿਲਿੰਗ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਪੁਲਿਸ (Punjab Police) ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਜਗਰੂਪ ਸਿੰਘ, ਵਾਸੀ ਨੌਸ਼ਹਿਰਾ ਕਲਾਂ, (ਅੰਮ੍ਰਿਤਸਰ), ਸੁਖਜੀਤ ਸਿੰਘ, ਵਾਸੀ ਪਿੰਡ ਮਿਰਜ਼ਾਪੁਰ, ਕਪੂਰਥਲਾ ਅਤੇ ਨਵਪ੍ਰੀਤ ਸਿੰਘ ਉਰਫ ਨਵ, ਵਾਸੀ ਪਿੰਡ ਫਤਿਹਾਬਾਦ, ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਚਾਰ ਪਿਸਤੌਲ ਬਰਾਮਦ ਕੀਤੇ, ਜਿਨ੍ਹਾਂ ‘ਚ ਦੋ ਆਧੁਨਿਕ ਪਿਸਤੌਲ – ਇੱਕ .30 ਬੋਰ PX5 ਸਟੌਰਮ (ਬੇਰੇਟਾ) ਅਤੇ ਇੱਕ 9mm ਗਲੌਕ ਪਿਸਤੌਲ – ਅਤੇ ਦੋ ਦੇਸੀ ਪਿਸਤੌਲਾਂ- .30 ਬੋਰ ਅਤੇ .32 ਬੋਰ, ਚਾਰ ਮੈਗਜ਼ੀਨ ਅਤੇ 22 ਕਾਰਤੂਸ ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਮਾਡਿਊਲ ਅਮਰੀਕਾ ਸਥਿਤ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਵਸ਼ਾਰੀਆ ਦੁਆਰਾ ਚਲਾਇਆ ਜਾ ਰਿਹਾ ਸੀ | ਪੁਲਿਸ ਮੁਤਾਬਕ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਰਿੰਦਾ ਦਾ ਨਜ਼ਦੀਕੀ ਸਾਥੀ ਹੈ ਅਤੇ ਉਸ ਨਾਲ ਮਿਲ ਕੇ ਕੰਮ ਕਰ ਰਿਹਾ ਸੀ | ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰ ਗੋਪੀ ਨਵਾਸ਼ਹਿਰੀਆ ਆਪਣੇ ਗ੍ਰੀਸਸਥਿਤ ਸਾਥੀ ਲਾਡੀ ਬਕਾਪੁਰੀਆ ਦੀ ਮੱਦਦ ਨਾਲ ਨੌਜਵਾਨਾਂ ਨੂੰ ਰਾਜ ‘ਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪ੍ਰੇਰਿਤ ਕਰ ਰਿਹਾ ਸੀ।
ਆਪਰੇਸ਼ਨ ਬਾਰੇ ਏ.ਆਈ.ਜੀ. ਸੀ.ਆਈ. ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ, ਪੁਲਿਸ ਟੀਮਾਂ ਨੇ ਇੱਕ ਗੁਪਤ ਕਾਰਵਾਈ ਸ਼ੁਰੂ ਕੀਤੀ ਅਤੇ ਜਗਰੂਪ ਅਤੇ ਸੁਖਜੀਤ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਜਲੰਧਰ ਦੇ ਸੂਰਿਆ ਐਨਕਲੇਵ ‘ਚ ਅੰਡਰਬ੍ਰਿਜ ਨੇੜੇ ਇੱਕ ਆਲਟੋ ਕਾਰ ‘ਚ ਆਪਣੇ ਸਾਥੀ ਦੀ ਉਡੀਕ ਕਰ ਰਹੇ ਸਨ। ਗ੍ਰਿਫ਼ਤਾਰ ਮੁਲਜ਼ਮ ਜਗਰੂਪ ਵੱਲੋਂ ਮੁਲਜ਼ਮ ਨਵਪ੍ਰੀਤ ਦੀ ਸ਼ਮੂਲੀਅਤ ਦਾ ਖੁਲਾਸਾ ਕਰਨ ਤੋਂ ਬਾਅਦ, ਪੁਲਿਸ ਟੀਮਾਂ ਨੇ ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਏ.ਆਈ.ਜੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਮੁਲਜ਼ਮ ਜਗਰੂਪ ਸਿੰਘ ਇੱਕ ਪੇਸ਼ੇਵਰ ਅਪਰਾਧੀ ਹੈ ਅਤੇ ਇਸ ਤੋਂ ਪਹਿਲਾਂ ਉਸਨੂੰ ਅੰਮ੍ਰਿਤਸਰ ‘ਚ ਇੱਕ ਕਤਲ ਕੇਸ ‘ਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਇਸ ਮਾਮਲੇ ‘ਚ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC), ਅੰਮ੍ਰਿਤਸਰ ਵਿਖੇ ਐਫ਼.ਆਈ.ਆਰ ਨੰਬਰ 11 ਮਿਤੀ 02 ਮਾਰਚ 2025 ਨੂੰ ਬੀਐਨਐਸ ਦੀਆਂ ਧਾਰਾਵਾਂ 113(1) ਅਤੇ 113(3) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25 (1ਬੀ) (ਏ) ਤਹਿਤ ਕੇਸ ਦਰਜ ਕੀਤਾ ਹੈ।
Read More : ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼, 4 ਕਿੱਲੋ ਹੈਰੋਇਨ ਸਣੇ ਦੋ ਗ੍ਰਿਫ਼ਤਾਰ