Farmers Protest Chandigarh

Farmers Protest Chandigarh: ਕਿਸਾਨਾਂ ਵੱਲੋਂ ਪੱਕੇ ਮੋਰਚੇ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਦੀਆਂ ਸਰਹੱਦਾਂ ਸੀਲ

ਚੰਡੀਗੜ੍ਹ, 05 ਮਾਰਚ 2025: Farmers Protest Chandigarh News: ਸੰਯੁਕਤ ਕਿਸਾਨ ਮੋਰਚਾ (SKM) ਨੇ ਅੱਜ ਤੋਂ ਚੰਡੀਗੜ੍ਹ ਵਿੱਚ ਸਥਾਈ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸੇ ਲਈ ਕਿਸਾਨ ਟਰੈਕਟਰ-ਟਰਾਲੀਆਂ ‘ਚ ਚੰਡੀਗੜ੍ਹ ਵੱਲ ਕੂਚ ਕਰ ਰਹੇ ਹਨ। ਕਿਸਾਨ ਚੰਡੀਗੜ੍ਹ ਦੇ ਸੈਕਟਰ-34 ‘ਚ ਧਰਨਾ ਦੇਣ ਦੀ ਤਿਆਰੀ ਕਰ ਰਹੇ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਚੰਡੀਗੜ੍ਹ ਪ੍ਰਸ਼ਾਸਨ ਤੋਂ ਇਜਾਜ਼ਤ ਨਹੀਂ ਮਿਲੀ ਹੈ।

ਦੂਜੇ ਪਾਸੇ ਚੰਡੀਗੜ੍ਹ ਪੁਲਿਸ (Chandigarh Police) ਨੇ ਚੰਡੀਗੜ੍ਹ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ। ਕਿਸਾਨ ਸਮੂਹਾਂ ਨੂੰ ਸਮਰਾਲਾ, ਖੰਨਾ ਅਤੇ ਜ਼ੀਰਕਪੁਰ ਨੇੜੇ ਰੋਕਿਆ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਸੰਬੰਧੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਸ਼ਹਿਰ ‘ਚ ਟ੍ਰੈਫਿਕ ਜਾਮ ਦੀ ਸਥਿਤੀ ਹੈ। ਲੋਕਾਂ ਨੂੰ ਆਪਣੀ ਮੰਜ਼ਿਲ ‘ਤੇ ਪਹੁੰਚਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ ਰੋਸ ਮਾਰਚ ਦੌਰਾਨ ਜਿੱਥੇ ਵੀ ਪੁਲਿਸ ਉਨ੍ਹਾਂ ਨੂੰ ਰੋਕਦੀ ਹੈ, ਸੜਕ ਕਿਨਾਰੇ ਖਾਲੀ ਥਾਵਾਂ ‘ਤੇ ਬੈਠਣ ਲਈ ਕਿਹਾ ਹੈ। ਸਾਡਾ ਟੀਚਾ ਟਕਰਾਅ ਨਹੀਂ ਹੈ। ਪੰਜਾਬ ਪੁਲਿਸ ਨੇ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਆਪਣੀਆਂ ਸਰਹੱਦਾਂ ਸੀਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਚੰਡੀਗੜ੍ਹ ਪੁਲਿਸ ਟ੍ਰੈਫਿਕ ਐਡਵਾਈਜ਼ਰੀ ਜਾਰੀ

ਚੰਡੀਗੜ੍ਹ ਪੁਲਿਸ ਨੇ ਲਗਭਗ 1,500 ਕਰਮਚਾਰੀ ਤਾਇਨਾਤ ਕੀਤੇ ਹਨ। ਰਿਜ਼ਰਵ ਫੋਰਸ ਤਾਇਨਾਤ ਕਰਨ ਦੀਆਂ ਵੀ ਤਿਆਰੀਆਂ ਹਨ। ਇਸ ਤੋਂ ਪਹਿਲਾਂ, ਚੰਡੀਗੜ੍ਹ ਪੁਲਿਸ ਨੇ ਇੱਕ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਸੀ ਜਿਸ ‘ਚ ਲੋਕਾਂ ਨੂੰ 12 ਸੜਕਾਂ ਪਾਰ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ।

ਸੰਯੁਕਤ ਕਿਸਾਨ ਮੋਰਚਾ ਨੇ 5 ਮਾਰਚ ਨੂੰ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ‘ਚ ਪੱਕੇ ਮੋਰਚੇ ਲਗਾਉਣ ਦਾ ਐਲਾਨ ਕੀਤਾ ਸੀ। ਇਸ ਤਹਿਤ ਪੰਜਾਬ ਦੇ ਕਿਸਾਨਾਂ ਨੇ ਚੰਡੀਗੜ੍ਹ ‘ਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ 3 ਮਾਰਚ ਨੂੰ ਕਿਸਾਨ ਆਗੂਆਂ ਨੂੰ ਬੈਠਕ ਲਈ ਸੱਦਿਆ ਸੀ। ਇਹ ਬੈਠਕ ਸ਼ਾਮ 4 ਵਜੇ ਪੰਜਾਬ ਭਵਨ ਵਿਖੇ ਰੱਖੀ ਗਈ ਹੈ।

ਜਿਕਰਯੋਗ ਹੈ ਕਿ 3 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ (SKM) ਦੇ ਸਾਰੇ ਪ੍ਰਮੁੱਖ ਆਗੂ ਸਵੇਰੇ ਚੰਡੀਗੜ੍ਹ ਦੇ ਕਿਸਾਨ ਭਵਨ ਪਹੁੰਚੇ, ਜਿੱਥੇ ਮੁੱਖ ਮੰਤਰੀ ਮਾਨ ਨਾਲ ਉਨ੍ਹਾਂ ਦੀ ਮੁਲਾਕਾਤ ਲਗਭਗ 2 ਘੰਟੇ ਚੱਲੀ। ਇਸ ਬੈਠਕ ‘ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਸਨ। ਹਾਲਾਂਕਿ, ਇਹ ਬੈਠਕ ਬੇਸਿੱਟਾ ਰਹੀ। ਬੈਠਕ ਤੋਂ ਬਾਅਦ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ।

Read More: Farmers Protest 2025: ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਰੋਕੀਆਂ ਜਾਣਗੀਆਂ ਰੇਲਗੱਡੀਆਂ

Scroll to Top