ਚੰਡੀਗੜ੍ਹ, 04 ਮਾਰਚ 2025: ਪੰਜਾਬ ਦੇ ਸਿੰਚਾਈ ਮੰਤਰੀ ਬਰਿੰਦਰ ਗੋਇਲ ਅੱਜ ਜਲਾਲਾਬਾਦ (Jalalabad) ਪਹੁੰਚੇ। ਉਨ੍ਹਾਂ ਨੇ 23 ਕਰੋੜ ਦੀ ਲਾਗਤ ਨਾਲ ਲਗਭਗ 13 ਕਿਲੋਮੀਟਰ ਲੰਬੇ ਸੁਹੇਲੇਵਾਲਾ ਮਾਈਨਰ ਦਾ ਉਦਘਾਟਨ ਕੀਤਾ। ਜਿਸ ਤੋਂ ਬਾਅਦ ਲਗਭਗ ਸਾਢੇ ਪੰਜ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਚੌਧਰੀ ਮਾਈਨਰ ਦਾ ਨੀਂਹ ਪੱਥਰ ਰੱਖਿਆ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚੇਗਾ।
ਸਿੰਚਾਈ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਸੋਹੇਲੇ ਵਾਲਾ ਮਾਈਨਰ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲਗਭਗ 23 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਵਿੱਚ 8 ਕਰੋੜ ਰੁਪਏ ਦੀ ਜ਼ਮੀਨ ਐਕੁਆਇਰ ਕੀਤੀ ਗਈ ਹੈ, ਜਿਸ ਕਾਰਨ ਨਹਿਰੀ ਪਾਣੀ ਲਗਭਗ 10 ਪਿੰਡਾਂ ਦੀ 5500 ਏਕੜ ਜ਼ਮੀਨ ਤੱਕ ਪਹੁੰਚੇਗਾ।
ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੀਆਂ ਸਰਕਾਰਾਂ ਨੇ ਇਸ ਪ੍ਰੋਜੈਕਟ ਬਾਰੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸਦਾ ਸਰਵੇਖਣ ਲਗਭਗ 45 ਸਾਲ ਪਹਿਲਾਂ ਕੀਤਾ ਗਿਆ ਸੀ, ਜੋ ਕਿ ਕਾਗਜ਼ਾਂ ਤੱਕ ਹੀ ਸੀਮਤ ਰਿਹਾ। ਪਰ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਦੇ ਯਤਨਾਂ ਸਦਕਾ ਅੱਜ ਇਹ ਪ੍ਰੋਜੈਕਟ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ‘ਚ ਸਭ ਤੋਂ ਵੱਡੀ ਸਮੱਸਿਆ ਧਰਤੀ ਹੇਠਲੇ ਪਾਣੀ ਦੀ ਹੈ, ਜਿਸਨੂੰ ਬਚਾਉਣ ਦੀ ਲੋੜ ਹੈ।
ਵਿਧਾਇਕ ਗੋਲਡੀ ਕੰਬੋਜ ਨੇ ਦੱਸਿਆ ਕਿ ਚੌਧਰੀ ਮਾਈਨਰ 1940 ‘ਚ ਬ੍ਰਿਟਿਸ਼ ਕਾਲ ਦੌਰਾਨ ਬਣਾਇਆ ਗਿਆ ਸੀ। ਇਸਨੂੰ 1959 ‘ਚ ਬੰਦ ਕਰ ਦਿੱਤਾ ਗਿਆ ਸੀ। ਅਤੇ ਹੁਣ 66 ਸਾਲਾਂ ਬਾਅਦ, ਸਰਕਾਰ ਨੇ ਦੁਬਾਰਾ ਚੌਧਰੀ ਮਾਈਨਰ (Jalalabad) ਅਲਾਟ ਕਰ ਦਿੱਤਾ ਹੈ। ਇਸਨੂੰ ਲਗਭਗ 5.5 ਕਰੋੜ ਰੁਪਏ ਦੀ ਲਾਗਤ ਨਾਲ 5 ਕਿਲੋਮੀਟਰ ਦੀ ਦੂਰੀ ਤੱਕ ਬਣਾਇਆ ਜਾਵੇਗਾ। ਜਿਸ ਕਾਰਨ ਘਟੀਆਵਾਲਾ ਬੋਦਲਾ, ਚਾਹਲਾ, ਖਿਓਵਾਲਾ, ਟਾਹਲੀਵਾਲਾ ਬੋਦਲਾ, ਸਿੰਘਪੁਰਾ ਸਮੇਤ ਕਈ ਪਿੰਡਾਂ ਨੂੰ ਨਹਿਰੀ ਪਾਣੀ ਉਪਲਬੱਧ ਹੋਵੇਗਾ। ਇਲਾਕੇ ਦੇ ਲੋਕਾਂ ਨੂੰ ਆਪਣੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਨਾਲ ਇੱਕ ਵੱਡਾ ਤੋਹਫ਼ਾ ਮਿਲੇਗਾ।
Read More: ਲੁਧਿਆਣਾ ਵਾਸੀਆਂ ਨੂੰ 1550 ਕਰੋੜ ਰੁਪਏ ਵਾਲੇ ਵਾਟਰ ਟਰੀਟਮੈਂਟ ਪਲਾਂਟ ਨਾਲ ਮਿਲੇਗਾ ਸਾਫ ਨਹਿਰੀ ਪਾਣੀ: ਡਾ. ਰਵਜੋਤ ਸਿੰਘ