ਚੰਡੀਗੜ੍ਹ, 04 ਮਾਰਚ 2025: ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (IIFA) ਦੇ 25ਵੇਂ ਐਡੀਸ਼ਨ ‘ਚ ਰਮੇਸ਼ ਸਿੱਪੀ ਦੀ ਮਸ਼ਹੂਰ ਫਿਲਮ ‘ਸ਼ੋਲੇ’ (Sholay) ਦੀ ਵਿਸ਼ੇਸ਼ ਸਕ੍ਰੀਨਿੰਗ ਕਰਵਾਈ ਜਾਵੇਗੀ । ਇਸ ਖ਼ਾਸ ਮੌਕੇ ‘ਤੇ ਸਿਨੇਮਾ ਪ੍ਰੇਮੀਆਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋਣਗੀਆਂ। ਆਈਫਾ ਦੇ ਪ੍ਰਬੰਧਕਾਂ ਨੇ ਫਿਲਮ ਦੇ 50 ਸਾਲ ਪੂਰੇ ਹੋਣ ‘ਤੇ ਜੈਪੁਰ ਦੇ ਮਸ਼ਹੂਰ ਰਾਜ ਮੰਦਰ ਸਿਨੇਮਾਘਰ ‘ਚ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਦਾ ਕਰਵਾਉਣ ਦਾ ਫੈਸਲਾ ਕੀਤਾ ਹੈ।
ਫਿਲਮ ਸ਼ੋਲੇ ਦੇ 50 ਸਾਲ ਪੂਰੇ ਹੋਣ ਦਾ ਜਸ਼ਨ
ਆਈਫਾ ਦੇ ਸਹਿ-ਸੰਸਥਾਪਕ ਆਂਦਰੇ ਟਿਮਿੰਸ ਨੇ ਇਸ ਮੌਕੇ ‘ਤੇ ਉਤਸ਼ਾਹ ਪ੍ਰਗਟ ਕਰਦੇ ਹੋਏ ਕਿਹਾ, “ਆਈਫਾ 2025 ਸਿਰਫ਼ ਇੱਕ ਜਸ਼ਨ ਨਹੀਂ ਹੈ। ਇਹ ਸਮੇਂ ਦੀ ਯਾਤਰਾ ਹੈ, ਜੈਪੁਰ ਦੇ ਪ੍ਰਤੀਕ ਰਾਜ ਮੰਦਰ ਵਿਖੇ ‘ਸ਼ੋਲੇ’ ਦੇ 50 ਸਾਲਾਂ ਦਾ ਸਨਮਾਨ ਕਰਦੇ ਹੋਏ। ਅਸੀਂ ਆਈਫਾ ਦੀ ਸਿਲਵਰ ਜੁਬਲੀ ਵੀ ਮਨਾ ਰਹੇ ਹਾਂ। ਇਸਨੇ ਯਾਦਾਂ ਅਤੇ ਸਿਨੇਮਾ ਦੇ ਜਾਦੂ ਦਾ ਜਸ਼ਨ ਮਨਾ ਕੇ ਪੀੜ੍ਹੀਆਂ ਤੋਂ ਦਿਲਾਂ ਨੂੰ ਛੂਹਿਆ ਹੈ।”
ਆਈਫਾ 2025 ਜੈਪੁਰ ‘ਚ 8 ਮਾਰਚ ਤੋਂ 9 ਮਾਰਚ ਤੱਕ ਆਯੋਜਿਤ ਕੀਤਾ ਜਾਵੇਗਾ। ‘ਸ਼ੋਲੇ’ ਭਾਰਤੀ ਸਿਨੇਮਾ ਦੀਆਂ ਪ੍ਰਸਿੱਧ ਫਿਲਮਾਂ ‘ਚੋਂ ਇੱਕ ਹੈ। ਇਸ ਫਿਲਮ ‘ਚ ਅਮਿਤਾਭ ਬੱਚਨ, ਧਰਮਿੰਦਰ, ਸੰਜੀਵ ਕੁਮਾਰ, ਜਯਾ ਬੱਚਨ, ਹੇਮਾ ਮਾਲਿਨੀ, ਅਮਜਦ ਖਾਨ ਵਰਗੇ ਮਹਾਨ ਕਲਾਕਾਰਾਂ ਨੇ ਅਭੁੱਲ ਅਦਾਕਾਰੀ ਦਿੱਤੀ ਹੈ।

ਫਿਲਮ ਦੀ ਕਹਾਣੀ ਰਾਮਗੜ੍ਹ ਪਿੰਡ ਦੇ ਆਲੇ-ਦੁਆਲੇ ਘੁੰਮਦੀ ਹੈ, ਜਿੱਥੇ ਠਾਕੁਰ ਬਲਦੇਵ ਸਿੰਘ (ਸੰਜੀਵ ਕੁਮਾਰ) ਬਦਨਾਮ ਡਾਕੂ ਗੱਬਰ ਸਿੰਘ (ਅਮਜਦ ਖਾਨ) ਨੂੰ ਮਾਰਨ ਦੀ ਸਾਜ਼ਿਸ਼ ਰਚਦਾ ਹੈ ਅਤੇ ਦੋ ਛੋਟੇ ਅਪਰਾਧੀਆਂ ਜੈ (ਅਮਿਤਾਭ ਬੱਚਨ) ਅਤੇ ਵੀਰੂ (ਧਰਮਿੰਦਰ) ਦੀ ਮਦਦ ਲੈਂਦਾ ਹੈ।
ਰਾਮਗੜ੍ਹ ਪਿੰਡ ਦਾ ਨਾਮ ਫਿਲਮ ‘ਸ਼ੋਲੇ’ (Sholay) ਤੋਂ ਬਾਅਦ ਕਾਫ਼ੀ ਮਸ਼ਹੂਰ ਹੋ ਗਿਆ। ਦਰਅਸਲ, ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਜਿਸ ਜਗ੍ਹਾ ਹੋਈ, ਉਹ ਰਾਮਨਗਰ ਪਿੰਡ ਦੀ ਜਗ੍ਹਾ ਸੀ, ਜੋ ਕਿ ਕਰਨਾਟਕ ਰਾਜ ਦੇ ਬੰਗਲੁਰੂ ਸ਼ਹਿਰ ਦੇ ਪਹਾੜੀ ਖੇਤਰ ‘ਚ ਸਥਿਤ ਹੈ। ਇਸ ਦੇ ਨੇੜੇ ਇੱਕ ਨਕਲੀ ਸੈੱਟ ਵੀ ਬਣਾਇਆ ਗਿਆ ਸੀ, ਜਿਸਨੂੰ ਰਾਮਗੜ੍ਹ ਦਾ ਰੂਪ ਦਿੱਤਾ ਗਿਆ ਸੀ।
ਇਸ ਫਿਲਮ ਨੂੰ ਹਿੰਦੀ ਸਿਨੇਮਾ ਦੀ ਸਭ ਤੋਂ ਵੱਡੀ ਹਿੱਟ ਫਿਲਮ ਮੰਨਿਆ ਜਾਂਦਾ ਹੈ। ਹੇਮਾ ਮਾਲਿਨੀ ਨੇ ਇਸ ਫਿਲਮ ‘ਚ ਬਸੰਤੀ ਦਾ ਕਿਰਦਾਰ ਨਿਭਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਫਿਲਮ ਨਾਲ ਧਰਮਿੰਦਰ ਅਤੇ ਹੇਮਾ ਦੀ ਪ੍ਰੇਮ ਕਹਾਣੀ ਪ੍ਰਫੁੱਲਤ ਹੋਈ। ਹਿੰਦੀ ਸਿਨੇਮਾ ‘ਚ ਇਹ ਫਿਲਮ 15 ਅਗਸਤ 1975 ਨੂੰ ਰਿਲੀਜ਼ ਹੋਈ ਸੀ |
Read More: Film Promotion: ਹਰਿਆਣਾ ਸਰਕਾਰ ਦਾ ਫਿਲਮ ਪ੍ਰੋਮੋਸ਼ਨ ‘ਤੇ ਵਿਸ਼ੇਸ਼ ਫੋਕਸ, 17 ਫਿਲਮਾਂ ਦੀ ਹੋਈ ਸਕ੍ਰੀਨਿੰਗ




