2 ਮਾਰਚ 2025: ਬਲਾਕ ਸ਼ੇਰਪੁਰ ਦੇ ਪਿੰਡ ਰਾਮਨਗਰ (ramnagar) ਛੰਨਾ ਤੋਂ ਵਿਆਹ ਤੋਂ ਇੱਕ ਹਫ਼ਤੇ ਬਾਅਦ ਸਹੁਰੇ ਘਰੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋਈ ਨਵ-ਵਿਆਹੀ ਲਾੜੀ ਨੂੰ ਸ਼ੇਰਪੁਰ ਪੁਲੀਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸਹਿਜਪ੍ਰੀਤ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ ਵਾਸੀ ਰਾਮਨਗਰ ਛੰਨਾ ਨੇ ਥਾਣਾ ਸ਼ੇਰਪੁਰ ਵਿਖੇ ਆਪਣੇ ਬਿਆਨ ਦਰਜ ਕਰਵਾਏ ਸਨ ਕਿ ਉਸ ਦਾ ਵਿਆਹ 14 ਫਰਵਰੀ 2025 ਨੂੰ ਵੀਰਪਾਲ ਕੌਰ ਪੁੱਤਰੀ ਚਮਕੌਰ ਸਿੰਘ ਵਾਸੀ ਥਾਣਾ ਮਹਿਤਾ, ਜ਼ਿਲ੍ਹਾ ਬਰਨਾਲਾ ਨਾਲ ਹੋਇਆ ਸੀ।
ਇੱਕ ਹਫ਼ਤੇ ਬਾਅਦ 21 ਫਰਵਰੀ 2025 ਨੂੰ ਉਸਦੀ ਪਤਨੀ ਵੀਰਪਾਲ ਕੌਰ (veerpal kaur) ਬਿਨਾਂ ਦੱਸੇ ਘਰ ਦੇ ਬਾਹਰ ਆਈ ਕਾਰ ਵਿੱਚ ਬੈਠ ਗਈ ਅਤੇ ਕਿਸੇ ਅਣਪਛਾਤੇ ਵਿਅਕਤੀ ਨਾਲ ਫ਼ਰਾਰ ਹੋ ਗਈ। ਇਸ ਤੋਂ ਬਾਅਦ ਜਦੋਂ ਉਸ ਨੇ ਘਰ ਦੀ ਜਾਂਚ ਕੀਤੀ ਤਾਂ 7 ਲੱਖ ਰੁਪਏ ਅਤੇ 20 ਤੋਲੇ ਸੋਨੇ ਦੇ ਗਹਿਣੇ ਗਾਇਬ ਸਨ। ਇਸ ਮਗਰੋਂ ਥਾਣਾ ਸ਼ੇਰਪੁਰ ਵਿੱਚ ਵੀਰਪਾਲ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਥਾਣਾ ਸ਼ੇਰਪੁਰ ਦੇ ਮੁਖੀ ਇੰਸਪੈਕਟਰ ਬਲਵੰਤ ਸਿੰਘ (balwant singh) ਬਲਿੰਗ ਨੇ ਦੱਸਿਆ ਕਿ ਵੀਰਪਾਲ ਕੌਰ ਨੂੰ ਪੁਲਸ ਪਾਰਟੀ ਨੇ ਉਤਰਾਖੰਡ-ਯੂ.ਪੀ ਬਾਰਡਰ ਨੇੜੇ ਬਿਲਾਸਪੁਰ (bilaspur) ਤੋਂ ਕਾਬੂ ਕੀਤਾ ਹੈ ਅਤੇ ਉਸ ਦੀ ਸੂਚਨਾ ‘ਤੇ ਗਹਿਣੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਔਰਤ ਨੂੰ ਪੁਲਿਸ (police) ਰਿਮਾਂਡ ‘ਤੇ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |