ਵਿਜੀਲੈਂਸ ਬਿਊਰੋ

ਜ਼ਮੀਨ ਦੀ ਧੋਖਾਧੜੀ ਨਾਲ ਰਜਿਸਟਰੀ ਕਰਵਾਉਣ ਦੇ ਦੋਸ਼ ਹੇਠ 9 ਜਣਿਆਂ ਖ਼ਿਲਾਫ ਮੁਕੱਦਮਾ ਦਰਜ, ਵਕੀਲ ਗ੍ਰਿਫ਼ਤਾਰ

ਚੰਡੀਗੜ੍ਹ, 28 ਫਰਵਰੀ 2025: ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਅਮਰੀਕਾ ‘ਚ ਰਹਿ ਰਹੇ ਇੱਕ ਪ੍ਰਵਾਸੀ ਭਾਰਤੀ (NRI) ਦੀ ਲੁਧਿਆਣਾ ‘ਚ 14 ਕਨਾਲ ਕੀਮਤੀ ਜ਼ਮੀਨ ਨੂੰ ਜਾਅਲੀ ਦਸਤਾਵੇਜ਼ਾਂ ਰਾਹੀਂ ਵੇਚਣ ਅਤੇ ਖਰੀਦਣ ਦੇ ਦੋਸ਼ ‘ਚ ਨੌਂ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ, ਵਿਜੀਲੈਂਸ ਬਿਊਰੋ ਨੇ ਲੁਧਿਆਣਾ ਦੇ ਵਕੀਲ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਜ਼ਮੀਨ ਦੀ ਜਾਅਲੀ ਰਜਿਸਟਰੀ ‘ਚ ਮੁੱਖ ਭੂਮਿਕਾ ਨਿਭਾਈ ਸੀ।

ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਵੇਰਕਾ-ਲਾਡੂਵਾਲ ਬਾਈਪਾਸ, ਲੁਧਿਆਣਾ ਦੇ ਨੇੜੇ ਸਥਿਤ ਪਿੰਡ ਨੂਰਪੁਰ ਬੇਟ ‘ਚ 6 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਇਸ ਜ਼ਮੀਨ ਦੀ ਧੋਖਾਧੜੀ ਵਾਲੀ ਰਜਿਸਟ੍ਰੇਸ਼ਨ ਬਾਰੇ ਮਿਲੀ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, 21 ਫਰਵਰੀ, 2025 ਨੂੰ ਸਬ-ਰਜਿਸਟਰਾਰ ਦਫ਼ਤਰ, ਤਹਿਸੀਲ ਪੱਛਮੀ, ਲੁਧਿਆਣਾ ਵਿਖੇ ਅਚਾਨਕ ਜਾਂਚ ਕੀਤੀ।

ਇਸ ਦੌਰਾਨ ਜਾਂਚ ਤੋਂ ਪਤਾ ਲੱਗਾ ਕਿ 11 ਫਰਵਰੀ, 2025 ਨੂੰ ਪੰਚਕੂਲਾ ਦੇ ਦੀਪ ਸਿੰਘ (ਵੇਚਣ ਵਾਲਾ) ਅਤੇ ਦੀਪਕ ਗੋਇਲ (ਖਰੀਦਦਾਰ) ਵਿਚਕਾਰ 30 ਲੱਖ ਰੁਪਏ ‘ਚ ਇੱਕ ਸੇਲ ਡੀਡ ਹੋਈ ਸੀ, ਜਿਸ ‘ਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਦੀਪ ਸਿੰਘ ਵਜੋਂ ਪੇਸ਼ ਕੀਤਾ ਅਤੇ ਤਹਿਸੀਲ ਦਫ਼ਤਰ ‘ਚ ਜ਼ਮੀਨ ਦੀ ਰਜਿਸਟਰੀ ਕਰਵਾਈ, ਜਦੋਂ ਕਿ ਅਸਲ ਮਾਲਕ ਦੀਪ ਸਿੰਘ ਅਮਰੀਕਾ ‘ਚ ਰਹਿ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਾਂਚ ਦੌਰਾਨ, ਅਸਲ ਰਜਿਸਟਰੀ (ਸੇਲ ਡੀਡ) ਦਸਤਾਵੇਜ਼ ਜ਼ਬਤ ਕਰ ਲਏ ਅਤੇ ਤਸਦੀਕ ਕਰਨ ‘ਤੇ, ਧੋਖਾਧੜੀ ਦੀ ਪੁਸ਼ਟੀ ਹੋਈ। ਇਸ ਸੇਲ ਡੀਡ ਨੂੰ ਤਹਿਸੀਲਦਾਰ ਪੱਛਮੀ ਲੁਧਿਆਣਾ, ਜਗਸੀਰ ਸਿੰਘ ਸਰਾਂ ਨੇ ਨਕਲੀ ਦੀਪ ਸਿੰਘ ਦੀ ਮੌਜੂਦਗੀ ‘ਚ ਤਸਦੀਕ ਕੀਤਾ। ਖਰੀਦਦਾਰ ਦੀਪਕ ਗੋਇਲ ਵੱਲੋਂ ਅਮਿਤ ਗੌੜ ਨਾਮ ਦਾ ਇੱਕ ਵਿਅਕਤੀ ਪੇਸ਼ ਹੋਇਆ ਅਤੇ ਰਜਿਸਟ੍ਰੇਸ਼ਨ ਦਸਤਾਵੇਜ਼ਾਂ ‘ਤੇ ਦਸਤਖਤ ਕੀਤੇ। ਇਸ ਮੌਕੇ ਪ੍ਰਾਪਰਟੀ ਡੀਲਰ ਰਘਬੀਰ ਸਿੰਘ, ਵਕੀਲ ਗੁਰਚਰਨ ਸਿੰਘ ਅਤੇ ਨੰਬਰਦਾਰ ਬਘੇਲ ਸਿੰਘ ਸਮੇਤ ਗਵਾਹਾਂ ਨੇ ਨਕਲੀ ਦੀਪ ਸਿੰਘ ਨੂੰ ਅਸਲੀ ਜ਼ਮੀਨ ਮਾਲਕ ਵਜੋਂ ਪਛਾਣਿਆ।

ਅਗਲੀ ਜਾਂਚ ਤੋਂ ਪਤਾ ਲੱਗਾ ਕਿ ਅਸਲੀ ਮਾਲਕ ਦੀਪ ਸਿੰਘ (55 ਸਾਲ) ਜਨਮ ਤੋਂ ਹੀ ਆਪਣੇ ਪਰਿਵਾਰ ਨਾਲ ਅਮਰੀਕਾ ‘ਚ ਰਹਿ ਰਿਹਾ ਹੈ, ਜਦੋਂ ਕਿ ਇਹ ਜਾਅਲੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ, ਦੀਪ ਸਿੰਘ ਨੇ ਇੱਕ ਜਾਅਲੀ ਆਧਾਰ ਕਾਰਡ ਅਤੇ ਪੈਨ ਕਾਰਡ ਦੀ ਵਰਤੋਂ ਕੀਤੀ, ਜਿਸ ‘ਚ ਉਸਦੀ ਉਮਰ 39 ਸਾਲ (ਜਨਮ 1985) ਦਿਖਾਈ ਗਈ ਸੀ, ਜਦੋਂ ਕਿ ਅਸਲੀ ਦੀਪ ਸਿੰਘ ਦਾ ਜਨਮ 1971 ‘ਚ ਹੋਇਆ ਸੀ।

ਵਿਜੀਲੈਂਸ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ‘ਚ ਮਾਲ ਵਿਭਾਗ ਦੇ ਕਰਮਚਾਰੀਆਂ ਵੱਲੋਂ ਗੰਭੀਰ ਗਲਤੀਆਂ ਅਤੇ ਲਾਪਰਵਾਹੀ ਵੀ ਕੀਤੀ ਗਈ ਹੈ, ਜੋ ਸ਼ਾਮਲ ਲੋਕਾਂ ਦੇ ਪਿਛਲੇ ਰਿਕਾਰਡ ਦੀ ਪੁਸ਼ਟੀ ਕਰਨ ‘ਚ ਅਸਫਲ ਰਹੇ। ਸਬੂਤਾਂ ਅਤੇ ਜਾਂਚ ਰਿਪੋਰਟ ਦੇ ਆਧਾਰ ‘ਤੇ, 27 ਫਰਵਰੀ, 2025 ਨੂੰ ਆਰਥਿਕ ਅਪਰਾਧ ਸ਼ਾਖਾ ‘ਚ ਭਾਰਤੀ ਦੰਡ ਸੰਹਿਤਾ (BNS) ਦੀ ਧਾਰਾ 318(4), 319(2), 336(2), 336(3), 338, 340(2) ਅਤੇ 61(2) ਦੇ ਤਹਿਤ ਕੇਸ ਨੰਬਰ 4 ਦਰਜ ਕੀਤਾ ਸੀ ਅਤੇ ਜਾਂਚ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਨੂੰ ਸੌਂਪ ਦਿੱਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ‘ਚ ਤਹਿਸੀਲਦਾਰ ਜਗਸੀਰ ਸਿੰਘ ਸਰਾਂ, ਖਰੀਦਦਾਰ ਦੀਪਕ ਗੋਇਲ, ਨੰਬਰਦਾਰ ਬਘੇਲ ਸਿੰਘ, ਰਜਿਸਟਰੀ ਕਲਰਕ ਕ੍ਰਿਸ਼ਨ ਗੋਪਾਲ, ਵਕੀਲ ਗੁਰਚਰਨ ਸਿੰਘ, ਅਮਿਤ ਗੌੜ, ਨਕਲੀ ਦੀਪ ਸਿੰਘ, ਇੱਕ ਕੰਪਿਊਟਰ ਆਪਰੇਟਰ ਅਤੇ ਪ੍ਰਾਪਰਟੀ ਡੀਲਰ ਰਘਬੀਰ ਸਿੰਘ ਸ਼ਾਮਲ ਹਨ।

ਜਾਂਚ ਰਿਪੋਰਟ ਦੇ ਆਧਾਰ ‘ਤੇ, ਵਿਜੀਲੈਂਸ ਬਿਊਰੋ ਨੇ ਵਕੀਲ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸਨੇ ਗਵਾਹ ਵਜੋਂ ਦਸਤਖਤ ਕੀਤੇ ਸਨ ਅਤੇ ਨਕਲੀ ਦੀਪ ਸਿੰਘ ਨੂੰ ਅਸਲੀ ਦੀਪ ਸਿੰਘ ਵਜੋਂ ਪਛਾਣਿਆ ਸੀ। ਉਸਨੂੰ ਕੱਲ੍ਹ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਬੁਲਾਰੇ ਨੇ ਅੱਗੇ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

Read More: 30,000 ਰੁਪਏ ਰਿਸ਼ਵਤ ਲੈਂਦਾ ਸਿਵਲ ਹਸਪਤਾਲ ਦਾ ਵਾਰਡ ਅਟੈਂਡੈਂਟ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Scroll to Top