ਚੰਡੀਗੜ੍ਹ, 27 ਫਰਵਰੀ 2025: ਆਈਸੀਸੀ ਚੈਂਪੀਅਨਜ਼ ਟਰਾਫੀ 2025 ‘ਚ ਪਾਕਿਸਤਾਨ ਅਤੇ ਬੰਗਲਾਦੇਸ਼ ਦਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਚੈਂਪੀਅਨਜ਼ ਟਰਾਫੀ 2025 ‘ਚ ਮੇਜ਼ਬਾਨ ਪਾਕਿਸਤਾਨ ਦਾ ਸਫ਼ਰ ਖਤਮ ਹੋ ਗਿਆ ਹੈ। ਟੀਮ ਤਿੰਨਾਂ ਮੈਚਾਂ ‘ਚੋਂ ਇੱਕ ਵੀ ਨਹੀਂ ਜਿੱਤ ਸਕੀ। ਮੈਚ ਰੱਦ ਹੋਣ ਕਾਰਨ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ, ਪਰ ਰਿਜ਼ਵਾਨ ਦੀ ਟੀਮ ਗਰੁੱਪ-ਏ ‘ਚ ਆਖਰੀ ਸਥਾਨ ‘ਤੇ ਰਹੀ। ਬੰਗਲਾਦੇਸ਼ ਉਨ੍ਹਾਂ ਤੋਂ ਉੱਪਰ ਤੀਜੇ ਸਥਾਨ ‘ਤੇ ਰਿਹਾ। ਭਾਰਤ ਅਤੇ ਨਿਊਜ਼ੀਲੈਂਡ ਨੇ ਗਰੁੱਪ ਏ ਤੋਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।
ਵੀਰਵਾਰ ਨੂੰ ਰਾਵਲਪਿੰਡੀ ‘ਚ ਰੁਕ-ਰੁਕ ਕੇ ਮੀਂਹ ਪਿਆ। ਅਜਿਹੀ ਸਥਿਤੀ ‘ਚ ਮੈਚ ਰੈਫਰੀ ਨੇ ਇਸਨੂੰ ਰੱਦ ਕਰਨ ਦਾ ਫੈਸਲਾ ਕੀਤਾ ਅਤੇ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਦਿੱਤਾ ਗਿਆ। ਜਿਕਰਯੋਗ ਹੈ ਕਿ ਇਹ ਦੋਵਾਂ ਦਾ ਆਖਰੀ ਗਰੁੱਪ ਮੈਚ ਸੀ। ਪਾਕਿਸਤਾਨ ਨੂੰ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੇ ਅਤੇ ਦੂਜੇ ਮੈਚ ਵਿੱਚ ਭਾਰਤ ਨੇ ਹਰਾਇਆ ਸੀ। ਜਦੋਂ ਕਿ ਬੰਗਲਾਦੇਸ਼ ਨੂੰ ਪਹਿਲੇ ਮੈਚ ‘ਚ ਭਾਰਤ ਤੋਂ ਅਤੇ ਦੂਜੇ ਮੈਚ ਵਿੱਚ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਦੋਵੇਂ ਟੀਮਾਂ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ‘ਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨ ਵਾਲੀਆਂ ਸਨ। ਦੋਵੇਂ ਕੁੱਲ ਵਨਡੇ ਮੈਚਾਂ ‘ਚ 39 ਵਾਰ ਟਕਰਾਏ। ਇਨ੍ਹਾਂ ‘ਚੋਂ 34 ਮੈਚ ਪਾਕਿਸਤਾਨ ਨੇ ਅਤੇ 5 ਬੰਗਲਾਦੇਸ਼ ਨੇ ਜਿੱਤੇ। ਦੋਵੇਂ ਆਖਰੀ ਵਾਰ 2023 ਦੇ ਵਨਡੇ ਵਿਸ਼ਵ ਕੱਪ ਦੌਰਾਨ ਇੱਕ ਦੂਜੇ ਦਾ ਸਾਹਮਣਾ ਕੀਤਾ ਸੀ। ਇਸ ਵਿੱਚ ਪਾਕਿਸਤਾਨ ਨੇ 7 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ।
ਪਾਕਿਸਤਾਨ ਨੇ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਵਿਰੁੱਧ ਖੇਡਿਆ। ਇਸ ਮੈਚ ‘ਚ, ਕੀਵੀਆਂ ਨੇ ਮੇਜ਼ਬਾਨ ਟੀਮ ਵਿਰੁੱਧ 320 ਦੌੜਾਂ ਬਣਾਈਆਂ ਜਿਸ ‘ਚ ਵਿਲ ਯੰਗ ਅਤੇ ਕਪਤਾਨ ਟੌਮ ਲੈਥਮ ਨੇ ਸੈਂਕੜੇ ਲਗਾਏ। ਦੂਜੇ ਮੈਚ ਵਿੱਚ ਪਾਕਿਸਤਾਨ ਦਾ ਸਾਹਮਣਾ ਭਾਰਤ ਨਾਲ ਹੋਇਆ ਸੀ |
ਬਾਬਰ ਆਜ਼ਮ ਅਤੇ ਇਮਾਮ-ਉਲ-ਹੱਕ ਨੇ ਵੀ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ, ਪਰ ਪਾਕਿਸਤਾਨ ਇਸਦਾ ਫਾਇਦਾ ਉਠਾਉਣ ‘ਚ ਅਸਫਲ ਰਿਹਾ। ਭਾਰਤੀ ਗੇਂਦਬਾਜ਼ਾਂ ਨੇ ਪਾਕਿਸਤਾਨ ਨੂੰ 241 ਦੌੜਾਂ ਦੇ ਸਕੋਰ ‘ਤੇ ਰੋਕ ਦਿੱਤਾ ਅਤੇ ਟੀਚੇ ਦਾ ਪਿੱਛਾ ਕਰਦੇ ਹੋਏ, ਵਿਰਾਟ ਕੋਹਲੀ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਸਿਰਫ 43.2 ਓਵਰਾਂ ‘ਚ ਟੀਚਾ ਪ੍ਰਾਪਤ ਕਰ ਲਿਆ।
Read More: ਦੁਨੀਆ ਕਹਿ ਰਹੀ ਸੀ ਵਿਰਾਟ ਕੋਹਲੀ ਫਾਰਮ ‘ਚ ਨਹੀ, ਪਰ ਅਸੀਂ ਉਨ੍ਹਾਂ ਨੂੰ ਆਊਟ ਨਹੀਂ ਕਰ ਸਕੇ: ਮੁਹੰਮਦ ਰਿਜ਼ਵਾਨ