ਚੰਡੀਗੜ੍ਹ, 26 ਫਰਵਰੀ 2025: ਪਾਕਿਸਤਾਨ ਵਿਰੁੱਧ ਚੈਂਪੀਅਨਜ਼ ਟਰਾਫੀ 2025 ਮੈਚ ‘ਚ ਸੈਂਕੜਾ ਲਗਾਉਣ ਵਾਲੇ ਸਟਾਰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੂੰ ਆਈਸੀਸੀ ਵੱਲੋਂ ਜਾਰੀ ਤਾਜ਼ਾ ਵਨਡੇ ਰੈਂਕਿੰਗ ‘ਚ ਫਾਇਦਾ ਹੋਇਆ ਹੈ। ਵਿਰਾਟ ਕੋਹਲੀ ਇੱਕ ਵਾਰ ਫਿਰ ਬੱਲੇਬਾਜ਼ੀ ਰੈਂਕਿੰਗ ‘ਚ ਚੋਟੀ ਦੇ ਪੰਜ ‘ਚ ਪਹੁੰਚ ਗਿਆ ਹੈ। ਕੋਹਲੀ ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਨੂੰ ਪਛਾੜ ਕੇ ਪੰਜਵੇਂ ਸਥਾਨ ‘ਤੇ ਪਹੁੰਚ ਗਿਆ। ਚੈਂਪੀਅਨਜ਼ ਟਰਾਫੀ ਸ਼ੁਰੂ ਹੋਣ ਤੋਂ ਪਹਿਲਾਂ ਕੋਹਲੀ ਛੇਵੇਂ ਸਥਾਨ ‘ਤੇ ਸੀ।
ਵਿਰਾਟ ਕੋਹਲੀ (Virat Kohli) ਕੁਝ ਸਮੇਂ ਤੋਂ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਿਹਾ ਸੀ ਪਰ ਉਨ੍ਹਾਂ ਨੇ ਐਤਵਾਰ ਨੂੰ ਦੁਬਈ ‘ਚ ਪਾਕਿਸਤਾਨ ਵਿਰੁੱਧ ਟੀਚੇ ਦਾ ਪਿੱਛਾ ਕਰਦੇ ਹੋਏ ਨਾਬਾਦ 100 ਦੌੜਾਂ ਬਣਾਈਆਂ ਅਤੇ ਭਾਰਤੀ ਟੀਮ ਨੂੰ ਜਿੱਤ ਵੱਲ ਲੈ ਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਕੋਹਲੀ ਨਾ ਸਿਰਫ਼ ਫਾਰਮ ‘ਚ ਵਾਪਸ ਆਇਆ ਸਗੋਂ ਵਨਡੇ ਮੈਚਾਂ ‘ਚ 14000 ਦੌੜਾਂ ਪੂਰੀਆਂ ਕਰਨ ਵਾਲਾ ਦੁਨੀਆ ਦਾ ਤੀਜਾ ਬੱਲੇਬਾਜ਼ ਵੀ ਬਣ ਗਿਆ। ਬੁੱਧਵਾਰ ਨੂੰ ਜਾਰੀ ਆਈਸੀਸੀ ਰੈਂਕਿੰਗ ‘ਚ ਕੋਹਲੀ ਨੂੰ ਇਸਦਾ ਫਾਇਦਾ ਹੋਇਆ ਹੈ।
ਦੂਜੇ ਪਾਸੇ, ਭਾਰਤ ਦੇ ਇਨ-ਫਾਰਮ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਇੱਕ ਰੋਜ਼ਾ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਸਿਖਰਲੇ ਸਥਾਨ ‘ਤੇ ਆਪਣੀ ਲੀਡ ਮਜ਼ਬੂਤ ਕਰ ਲਈ ਹੈ। ਗਿੱਲ ਅਤੇ ਦੂਜੇ ਸਥਾਨ ‘ਤੇ ਕਾਬਜ਼ ਬਾਬਰ ਆਜ਼ਮ ਵਿਚਕਾਰ ਹੁਣ ਫ਼ਰਕ ਵਧ ਗਿਆ ਹੈ। ਗਿੱਲ ਨੇ ਬੰਗਲਾਦੇਸ਼ ਖਿਲਾਫ ਮੈਚ ਵਿੱਚ ਸੈਂਕੜਾ ਲਗਾ ਕੇ ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ ਕੀਤੀ। ਭਾਰਤੀ ਉਪ-ਕਪਤਾਨ ਗਿੱਲ ਨੇ ਪਾਕਿਸਤਾਨ ਵਿਰੁੱਧ 46 ਦੌੜਾਂ ਦੀ ਪਾਰੀ ਖੇਡੀ।
ਸ਼ੁਭਮਾਨ ਗਿੱਲ ਦੇ ਹੁਣ 817 ਰੇਟਿੰਗ ਅੰਕ ਹਨ, ਜੋ ਕਿ ਬਾਬਰ ਨਾਲੋਂ 47 ਅੰਕ ਜ਼ਿਆਦਾ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਤੀਜੇ ਸਥਾਨ ‘ਤੇ ਬਰਕਰਾਰ ਹਨ। ਆਈਸੀਸੀ ਵਨਡੇ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਸਿਖਰਲੇ ਪੰਜ ‘ਚ ਤਿੰਨ ਬੱਲੇਬਾਜ਼ ਹਨ। ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਖ਼ਰਾਬ ਫਾਰਮ ਵਿੱਚੋਂ ਗੁਜ਼ਰ ਰਹੇ ਹਨ।