ਚੰਡੀਗੜ੍ਹ, 24 ਫਰਵਰੀ 2025: Champions Trophy 2025 Update: ਭਾਰਤ ਨੇ ਚੈਂਪੀਅਨਜ਼ ਟਰਾਫੀ ਦੇ ਇੱਕ ਹਾਈ-ਵੋਲਟੇਜ ਮੈਚ ‘ਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਵਿਰਾਟ ਕੋਹਲੀ (Virat Kohli) ਦੇ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਦੁਬਈ ਸਟੇਡੀਅਮ ‘ਚ 45 ਗੇਂਦਾਂ ਬਾਕੀ ਰਹਿੰਦਿਆਂ ਇੱਕਤਰਫਾ ਢੰਗ ਨਾਲ 242 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ।
ਐਤਵਾਰ ਦਾ ਦਿਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਨਾਮ ‘ਤੇ ਕਈ ਰਿਕਾਰਡਾਂ ਦਰਜ ਹੋਏ। ਵਿਰਾਟ ਕੋਹਲੀ ਨੇ ਵਨਡੇ ਕ੍ਰਿਕਟ ‘ਚ ਸਭ ਤੋਂ ਤੇਜ਼ 14 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੇ ਇਸ ਫਾਰਮੈਟ ‘ਚ ਸਭ ਤੋਂ ਵੱਧ ਕੈਚ ਵੀ ਫੜੇ ਹਨ। ਰੋਹਿਤ ਨੇ ਵਨਡੇ ‘ਚ ਇੱਕ ਓਪਨਰ ਦੇ ਤੌਰ ‘ਤੇ ਸਭ ਤੋਂ ਤੇਜ਼ 9 ਹਜ਼ਾਰ ਦੌੜਾਂ ਬਣਾਈਆਂ। ਭਾਰਤੀ ਟੀਮ ਵਨਡੇ ਮੈਚਾਂ ‘ਚ ਲਗਾਤਾਰ 12ਵੀਂ ਵਾਰ ਟਾਸ ਹਾਰ ਗਈ।
ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵਨਡੇ ਕ੍ਰਿਕਟ ‘ਚ ਭਾਰਤ ਲਈ ਸਭ ਤੋਂ ਵੱਧ ਕੈਚ ਲੈਣ ਵਾਲਾ ਖਿਡਾਰੀ ਬਣ ਗਿਆ। ਕੋਹਲੀ ਦੇ ਹੁਣ 158 ਕੈਚ ਹੋ ਗਏ ਹਨ। ਇਸ ਰਿਕਾਰਡ ‘ਤੇ ਦੂਜੇ ਨੰਬਰ ‘ਤੇ ਮੁਹੰਮਦ ਅਜ਼ਹਰੂਦੀਨ ਹਨ ਜਿਨ੍ਹਾਂ ਨੇ 156 ਕੈਚ ਫੜੇ ਹਨ।
ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਟੂਰਨਾਮੈਂਟਾਂ ‘ਚ 50+ ਸਕੋਰ ਬਣਾਉਣ ਦੇ ਮਾਮਲੇ ‘ਚ ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਲਈ ਹੈ। ਦੋਵਾਂ ਦੇ 23-23 ਪੰਜਾਹ+ ਸਕੋਰ ਹਨ। ਤੀਜੇ ਨੰਬਰ ‘ਤੇ ਕਪਤਾਨ ਰੋਹਿਤ ਸ਼ਰਮਾ ਹਨ, ਜਿਨ੍ਹਾਂ ਨੇ 18 ਵਾਰ 50 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਹਨ।
ਵਿਰਾਟ ਕੋਹਲੀ (Virat Kohli) ਆਸਟ੍ਰੇਲੀਆ ਦੇ ਰਿੱਕੀ ਪੋਂਟਿੰਗ ਨੂੰ ਪਛਾੜ ਕੇ ਅੰਤਰਰਾਸ਼ਟਰੀ ਕ੍ਰਿਕਟ ‘ਚ ਤੀਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਉਸ ਕੋਲ ਹੁਣ 27 ਹਜ਼ਾਰ 503 ਦੌੜਾਂ ਹਨ। ਹੁਣ ਕੋਹਲੀ ਤੋਂ ਅੱਗੇ ਸ਼੍ਰੀਲਕਾਂ ਦੇ ਕੁਮਾਰ ਸੰਗਾਕਾਰਾ ਅਤੇ ਸਚਿਨ ਤੇਂਦੁਲਕਰ ਹਨ। ਪੋਂਟਿੰਗ ਦੇ ਨਾਮ 27483 ਦੌੜਾਂ ਹਨ।
ਕੁਲਦੀਪ ਯਾਦਵ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 300 ਵਿਕਟਾਂ ਪੂਰੀਆਂ ਕੀਤੀਆਂ। ਕੁਲਦੀਪ ਨੇ ਸਲਮਾਨ ਆਗਾ ਨੂੰ ਰਵਿੰਦਰ ਜਡੇਜਾ ਹੱਥੋਂ ਕੈਚ ਕਰਵਾ ਕੇ ਇਹ ਉਪਲਬਧੀ ਹਾਸਲ ਕੀਤੀ। ਕੁਲਦੀਪ ਨੇ ਪਾਕਿਸਤਾਨ ਵਿਰੁੱਧ ਖੇਡੇ ਗਏ 6 ਮੈਚਾਂ ‘ਚ 15 ਵਿਕਟਾਂ ਲਈਆਂ ਹਨ।
ਹਾਰਦਿਕ ਪੰਡਯਾ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 200 ਵਿਕਟਾਂ ਪੂਰੀਆਂ ਕੀਤੀਆਂ। ਹਾਰਦਿਕ ਨੇ ਸਾਊਦ ਸ਼ਕੀਲ ਨੂੰ ਆਊਟ ਕਰਕੇ ਇਹ ਰਿਕਾਰਡ ਆਪਣੇ ਨਾਮ ਕੀਤਾ। ਹਾਰਦਿਕ ਨੇ ਪਾਕਿਸਤਾਨ ਮੈਚ ‘ਚ 2 ਵਿਕਟਾਂ ਲਈਆਂ। ਹਾਰਦਿਕ ਨੇ ਬਾਬਰ ਆਜ਼ਮ ਨੂੰ ਵੀ ਆਊਟ ਕੀਤਾ।
ਵਿਰਾਟ ਪਾਕਿਸਤਾਨ ਵਿਰੁੱਧ ਸਾਰੇ ਆਈਸੀਸੀ ਟੂਰਨਾਮੈਂਟਾਂ ‘ਚ ਪਲੇਅਰ ਆਫ਼ ਦ ਮੈਚ ਪੁਰਸਕਾਰ ਜਿੱਤਣ ਵਾਲਾ ਇਕਲੌਤਾ ਖਿਡਾਰੀ ਹੈ। ਕੋਹਲੀ ਨੇ ਵਨਡੇ ਵਿਸ਼ਵ ਕੱਪ ‘ਚ ਇੱਕ, ਟੀ-20 ਵਿਸ਼ਵ ਕੱਪ ‘ਚ ਤਿੰਨ ਅਤੇ ਚੈਂਪੀਅਨਜ਼ ਟਰਾਫੀ ‘ਚ ਇੱਕ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਜਿੱਤਿਆ ਹੈ। ਉਨ੍ਹਾਂ ਨੇ ਏਸ਼ੀਆ ਕੱਪ ‘ਚ ਪਾਕਿਸਤਾਨ ਵਿਰੁੱਧ ਵੀ ਇਹ ਪੁਰਸਕਾਰ ਜਿੱਤਿਆ ਹੈ।
Read More: IND vs PAK: ਪਾਕਿਸਤਾਨ ਨੇ ਜਿੱਤਿਆ ਟਾਸ, ਟੀਮ ਇੰਡੀਆ ਪਹਿਲਾਂ ਗੇਂਦਬਾਜ਼ੀ ਕਰੇਗੀ