ਪੰਜਾਬ ਸਰਕਾਰ ਵੱਲੋਂ ਸਾਰੇ ਡੌਗ ਬਰੀਡਰਾਂ ਅਤੇ ਪੈੱਟ ਸ਼ਾਪਸ ਦੀ ਕੀਤੀ ਜਾਵੇਗੀ ਰਜਿਸਟਰੇਸ਼ਨ

•ਸੂਬੇ ਵਿੱਚ ਜਾਨਵਰਾਂ ਨਾਲ ਮਾਨਵੀ ਤੇ ਸੰਵੇਦਨਸ਼ੀਲ ਵਤੀਰਾ ਯਕੀਨੀ ਬਣਾਉਣ ਅਤੇ ਜ਼ਿੰਮੇਵਾਰ ਬਰੀਡਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਕਦਮ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 22 ਫਰਵਰੀ 2025 : ਜਾਨਵਰਾਂ ਨਾਲ ਮਾਨਵੀ ਤੇ ਸੰਵੇਦਨਸ਼ੀਲ ਵਤੀਰੇ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਪਸ਼ੂ ਭਲਾਈ ਬੋਰਡ ਅਧੀਨ ਸਾਰੇ ਡੌਗ ਬਰੀਡਰਾਂ, ਪੈੱਟ ਸ਼ਾਪਸ ਅਤੇ ਪਸ਼ੂ ਭਲਾਈ ਸੰਸਥਾਵਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।

ਇਹ ਫੈਸਲਾ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਹੋਈ ਪੰਜਾਬ ਪਸ਼ੂ ਭਲਾਈ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ। ਇਹ ਮੀਟਿੰਗ ਪਸ਼ੂਧਨ ਕੰਪਲੈਕਸ, ਸੈਕਟਰ-68, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਹੋਈ।

ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਡੌਗ ਬਰੀਡਰਜ਼ ਅਤੇ ਪੈਟ ਸ਼ਾਪਸ ਨੂੰ ਜਾਨਵਰਾਂ ‘ਤੇ ਅਤਿਆਚਾਰ ਰੋਕਣ ਲਈ (ਡੌਗ ਬਰੀਡਿੰਗ ਅਤੇ ਮਾਰਕੀਟਿੰਗ) ਨਿਯਮ 2016 ਤਹਿਤ ਰਜਿਸਟਰ ਕੀਤਾ ਜਾਵੇਗਾ। ਇਸ ਕਦਮ ਦਾ ਮੁੱਖ ਉਦੇਸ਼ ਜਾਨਵਰਾਂ ਨਾਲ ਹੋਣ ਵਾਲੇ ਗੈਰਸੰਵੇਦਨਸ਼ੀਲ ਤੇ ਅਣਮਨੁੱਖੀ ਵਤੀਰੇ ਨੂੰ ਰੋਕਣਾ ਅਤੇ ਸੂਬੇ ਵਿੱਚ ਜ਼ਿੰਮੇਵਾਰ ਬਰੀਡਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ।

ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਬੋਰਡ ਵੱਲੋਂ ਬਰੀਡਰਾਂ ਅਤੇ ਪੈੱਟ ਸ਼ਾਪਸ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਰੱਖੀ ਜਾਵੇਗੀ ਅਤੇ ਕੰਟਰੋਲ ਕੀਤਾ ਜਾਵੇਗਾ। ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹ ਜਾਨਵਰਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੇ ਸਾਰੇ ਮਾਪਦੰਡਾਂ ਦੀ ਪਾਲਣਾ ਕਰਦੇ ਹੋਣ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਜਾਨਵਰਾਂ ਨੂੰ ਅਣਮਨੁੱਖੀ ਵਤੀਰੇ ਦਾ ਸਾਹਮਣਾ ਨਾ ਕਰਨਾ ਪਵੇ, ਉਨ੍ਹਾਂ ਨੂੰ ਢੁਕਵੀਂ ਦੇਖਭਾਲ ਪ੍ਰਦਾਨ ਕੀਤੀ ਜਾਵੇ ਅਤੇ ਉਨ੍ਹਾਂ ਦੀ ਜ਼ਿਆਦਾ ਬਰੀਡਿੰਗ ਨਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਹ ਕੁੱਤਿਆਂ ਅਤੇ ਬਿੱਲੀਆਂ ਸਮੇਤ ਪਾਲਤੂ ਜਾਨਵਰਾਂ ਦੀ ਮਾਰਕੀਟਿੰਗ ਵਿੱਚ ਨੈਤਿਕ ਅਭਿਆਸਾਂ ਨੂੰ ਵੀ ਉਤਸ਼ਾਹਿਤ ਕਰੇਗਾ।

ਗੁਰਮੀਤ ਸਿੰਘ ਖੁੱਡੀਆਂ ਨੇ ਬੋਰਡ ਮੈਂਬਰਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਪੈੱਟ ਸ਼ਾਪਸ ਦੇ ਮਾਲਕਾਂ ਅਤੇ ਬਰੀਡਰਾਂ ਨੂੰ ਜਾਨਵਰਾਂ ਦੀ ਸੁਚੱਜੀ ਦੇਖਭਾਲ ਤੇ ਜਾਨਵਰਾਂ ਦੀ ਭਲਾਈ ਦੇ ਨਾਲ ਨਾਲ ਸਬੰਧਤ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਵੀ ਕਿਹਾ।

ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਰਾਹੁਲ ਭੰਡਾਰੀ, ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਤੋਂ ਇਲਾਵਾ ਸ੍ਰੀ ਅਮਿਤ ਚੌਹਾਨ, ਸ੍ਰੀਮਤੀ ਡਾ. ਸਰਬਜੀਤ ਕੌਰ, ਪ੍ਰੇਮ ਸਿੰਘ ਬਾਠ, ਸੁਰਿੰਦਰ ਸਿੰਘ ਸਿੱਧੂ, ਰਜਿੰਦਰ ਲੋਹਟੀਆ ਅਤੇ ਨਰਿੰਦਰ ਘਾਗੋਂ ਨੇ ਬੋਰਡ ਦੇ ਮੈਂਬਰਾਂ ਵਜੋਂ ਭਾਗ ਲਿਆ।

ਪਸ਼ੂ ਪਾਲਣ ਮੰਤਰੀ ਨੇ ਬੋਰਡ ਦੇ ਮੈਂਬਰਾਂ ਨੂੰ ਜਾਨਵਰਾਂ ਦੇ ਅਧਿਕਾਰਾਂ ਅਤੇ ਜਾਨਵਰਾਂ ਪ੍ਰਤੀ ਗੈਰਸੰਵੇਦਨਸ਼ੀਲ ਤੇ ਕਰੂਰ ਵਤੀਰੇ ਨੂੰ ਰੋਕਣ ਸਬੰਧੀ ਨਿਯਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਭਾਸ਼ਣਾਂ ਸਮੇਤ ਵੱਖ-ਵੱਖ ਪਹਿਲਕਦਮੀਆਂ ਕਰਵਾਉਣ ਲਈ ਵੀ ਕਿਹਾ।

Read More: IPS ਡਾ. ਜੋਤੀ ਯਾਦਵ ਨੂੰ ਕੀਤਾ ਗਿਆ ਖੰਨਾ ਦਾ SSP ਨਿਯੁਕਤ, SSP ਸਮੇਤ 21 IPS ਅਧਿਕਾਰੀਆਂ ਦੇ ਤਬਾਦਲੇ

Scroll to Top