ਚੰਡੀਗੜ੍ਹ, 15 ਫਰਵਰੀ 2025: Freestyle Chess Grand Tournament: ਵਿਸ਼ਵ ਚੈਂਪੀਅਨ ਡੀ ਗੁਕੇਸ਼ (D Gukesh) ਇੱਥੇ ਫ੍ਰੀਸਟਾਈਲ ਸ਼ਤਰੰਜ ਗ੍ਰੈਂਡ ਸਲੈਮ ‘ਚ ਸੱਤਵੇਂ ਸਥਾਨ ਦੇ ਪਲੇਆਫ ਮੈਚ ਦੇ ਦੂਜੇ ਗੇਮ ਵਿੱਚ ਈਰਾਨੀ ਮੂਲ ਦੇ ਫਰਾਂਸੀਸੀ ਖਿਡਾਰੀ ਅਲੀਰੇਜ਼ਾ ਫਿਰੋਜਾ ਤੋਂ ਹਾਰਨ ਤੋਂ ਬਾਅਦ ਆਖਰੀ ਸਥਾਨ ‘ਤੇ ਰਹੇ ਹਨ। ਇਸ ਤਰ੍ਹਾਂ, ਗੁਕੇਸ਼ ਇਸ ਟੂਰਨਾਮੈਂਟ ‘ਚ ਇੱਕ ਵੀ ਜਿੱਤ ਪ੍ਰਾਪਤ ਨਹੀਂ ਕਰ ਸਕੇ ਅਤੇ ਡੀ ਗੁਕੇਸ਼ ਦੀ ਮੁਹਿੰਮ ਨਿਰਾਸ਼ਾ ‘ਚ ਖਤਮ ਹੋਈ ਹੈ।
ਡੀ ਗੁਕੇਸ਼ (D Gukesh) ਅਤੇ ਫਿਰੋਜ਼ਾ ਵਿਚਕਾਰ ਪਹਿਲਾ ਮੈਚ ਡਰਾਅ ਰਿਹਾ। ਭਾਰਤੀ ਖਿਡਾਰੀ ਦੂਜਾ ਗੇਮ ਚਿੱਟੇ ਮੋਹਰਿਆਂ ਨਾਲ ਖੇਡ ਰਿਹਾ ਸੀ ਪਰ ਗੁਕੇਸ਼ ਇਸਦਾ ਫਾਇਦਾ ਨਹੀਂ ਚੁੱਕ ਸਕਿਆ ਅਤੇ 30 ਚਾਲਾਂ ਤੱਕ ਚੱਲੀ ਇਸ ਗੇਮ ‘ਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ, ਜਰਮਨੀ ਦੇ ਵਿਨਸੈਂਟ ਕੀਮਰ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਖਿਤਾਬ ਜਿੱਤਿਆ। ਟੂਰਨਾਮੈਂਟ ਦੀ ਸ਼ੁਰੂਆਤ ‘ਚ ਉਸਨੂੰ ਸਭ ਤੋਂ ਕਮਜ਼ੋਰ ਖਿਡਾਰੀ ਮੰਨਿਆ ਜਾਂਦਾ ਸੀ।
ਟੂਰਨਾਮੈਂਟ ਤੋਂ ਪਹਿਲਾਂ ਦੁਨੀਆ ਦੇ ਨੰਬਰ ਇੱਕ ਮੈਗਨਸ ਕਾਰਲਸਨ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਅੰਤ ‘ਚ ਉਸਨੂੰ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ। ਟੂਰਨਾਮੈਂਟ ‘ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਅੰਤਿਮ ਸਥਿਤੀ ਇਸ ਪ੍ਰਕਾਰ ਸੀ: 1. ਵਿਨਸੈਂਟ ਕੀਮਰ; 2. ਫੈਬੀਆਨੋ ਕਾਰੂਆਨਾ; 3. ਮੈਗਨਸ ਕਾਰਲਸਨ; 4. ਜਾਵੋਖਿਰ ਸਿੰਦਾਰੋਵ; 5. ਹਿਕਾਰੂ ਨਾਕਾਮੁਰਾ; 6. ਨੋਦਿਰਬੇਕ ਅਬਦੁਸਤੋਰੋਵ; 7. ਅਲੀਰੇਜ਼ਾ ਫਿਰੋਜਾ; 8. ਡੀ. ਗੁਕੇਸ਼।