ਸਾਰੀਆਂ ਸਕੀਮਾਂ ਦਾ ਲਾਭ ਲੈਣ ਲਈ ਇਕੋ ਇਕ ਪਛਾਣ ਦਸਤਾਵੇਜ਼ ਹੈ ਯੂ.ਡੀ.ਆਈ.ਡੀ
ਚੰਡੀਗੜ੍ਹ,10 ਫਰਵਰੀ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant singh maan) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗਜਨਾਂ ਦੀ ਭਲਾਈ ਲਈ ਕਾਰਜਸ਼ੀਲ ਹੈ। ਸੂਬੇ ਵਿੱਚ ਦਿਵਿਆਂਗਜਨ ਨੂੰ ਸਰਕਾਰੀ ਸੇਵਾਵਾਂ ਦੇਣ ਲਈ ਬਣਾਏ ਜਾਂਦੇ ਯੂ.ਡੀ.ਆਈ.ਡੀ. ਕਾਰਡ ਦੀ ਸਹੂਲਤ ਦੇਣ ਵਿੱਚ ਜ਼ਿਲ੍ਹਾ ਬਰਨਾਲਾ (barnala) ਪਹਿਲੇ ਸਥਾਨ ‘ਤੇ ਹੈ।
ਇਹ ਜਾਣਕਾਰੀ ਦਿੰਦੇ ਹੋਏ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਸਿਹਤ ਵਿਭਾਗ ਦੇ ਸਾਂਝੇ ਯਤਨਾਂ ਨਾਲ ਜ਼ਿਲ੍ਹਾ ਬਰਨਾਲਾ ਵਿੱਚ 70 ਫੀਸਦੀ ਤੋਂ ਵੱਧ, ਯਾਨੀ 9766 ਦਿਵਿਆਂਗਜਨ ਦੇ ਯੂ.ਡੀ.ਆਈ.ਡੀ. ਕਾਰਡ ਬਣਾਏ ਜਾ ਚੁੱਕੇ ਹਨ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਇੱਕੋ ਕਾਰਡ ਦੇ ਆਧਾਰ ’ਤੇ ਦੇਣ ਲਈ ਯੂਨੀਕ ਡਿਸੇਬਿਲਟੀ ਆਈਡੈਂਟਟੀ ਕਾਰਡ ਭਾਵ ਵਿਲੱਖਣ ਦਿਵਿਆਂਗਤਾ ਪਛਾਣ ਪੱਤਰ (ਯੂਡੀਆਈਡੀ) ਜਨਰੇਟ ਕੀਤੇ ਜਾਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਯੂ.ਡੀ.ਆਈ.ਡੀ. ਕਾਰਡ ਨਾ ਸਿਰਫ਼ ਦਿਵਿਆਂਗਜਨਾਂ ਲਈ ਇੱਕ ਪਛਾਣ ਪੱਤਰ ਹੈ, ਸਗੋਂ ਇਹ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਜਿਵੇਂ ਪੈਨਸ਼ਨ, ਸਿਖਲਾਈ, ਰੋਜ਼ਗਾਰ ਅਤੇ ਮੈਡੀਕਲ ਸਹਾਇਤਾ ਦਾ ਲਾਭ ਲੈਣ ਲਈ ਵੀ ਜ਼ਰੂਰੀ ਹੈ। ਇਸ ਕਾਰਡ ਰਾਹੀਂ ਦਿਵਿਆਂਗਜਨਾਂ ਨੂੰ ਸਰਕਾਰੀ ਸੇਵਾਵਾਂ ਤੱਕ ਪਹੁੰਚ ਬਣਾਉਣ ਵਿੱਚ ਸਹੂਲਤ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ ਲਈ ਡਿਸੇਬਿਲਟਿੀ ਸੈੱਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਪਰਪਿਤ ਸੈੱਲ ਦਿਵਿਆਂਗ ਵਿਅਕਤੀਆਂ ਨੂੰ ਸਕੀਮਾਂ ਦੇ ਲਾਭ ਦੇਣ ਲਈ ਇੱਕ ਸਿੰਗਲ ਵਿੰਡੋ ਪਲੇਟਫਾਰਮ ਹੈ। ਉਨ੍ਹਾਂ ਸੂਬੇ ਦੇ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਉਹ ਸੇਵਾ ਕੇਂਦਰਾਂ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫਤਰਾਂ ਜਾਂ ਸਿਵਲ ਹਸਪਤਾਲ (hospital) ਵਿਖੇ ਸੰਪਰਕ ਕਰਕੇ ਯੂਡੀਆਈਡੀ ਕਾਰਡ ਲਈ ਜ਼ਰੂਰ ਅਪਲਾਈ ਕਰਨ ਤਾਂ ਜੋ ਉਹ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ।
Read More: ਪੰਜਾਬ ਸਰਕਾਰ ਨੇ ਐਨ.ਆਰ.ਆਈਜ਼ ਲਈ ਵਟਸਐਪ ਨੰਬਰ ਕੀਤਾ ਲਾਂਚ: ਕੁਲਦੀਪ ਸਿੰਘ ਧਾਲੀਵਾਲ