ਏਜੰਟ

Punjab News: ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟ ਖ਼ਿਲਾਫ FIR, ਦਫਤਰ ਕੀਤਾ ਸੀਲ

ਚੰਡੀਗੜ੍ਹ, 7 ਫਰਵਰੀ 2025: ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ‘ਚ 30 ਪੰਜਾਬ ਦੇ ਰਹਿਣ ਵਾਲੇ ਹਨ, ਜੋ ਕਿ ਲੱਖਾਂ ਰੁਪਏ ਲਗਾ ਕੇ ਵਿਦੇਸ਼ ਗਏ ਹਨ | ਇਸ ਮੁੱਦੇ ਦੀ ਗੂੰਜ ਸੰਸਦ ‘ਚ ਵੀ ਪਹੁੰਚ ਗਈ ਹੈ | ਦੂਜੇ ਪਾਸੇ ਪੰਜਾਬ ਅਮਰੀਕਾ ਤੋਂ ਜ਼ਬਰਦਸਤੀ ਭਾਰਤ ਭੇਜੇ ਗਏ ਭਾਰਤੀਆਂ ਦੇ ਪੁਨਰਵਾਸ ਲਈ ਕਦਮ ਚੁੱਕਣ ਵਾਲਾ ਪਹਿਲਾ ਸੂਬਾ ਬਣ ਸਕਦਾ ਹੈ।

ਦਰਅਸਲ, ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਐਨ.ਆਰ.ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ 10 ਫਰਵਰੀ ਨੂੰ ਹੋਣ ਵਾਲੀ ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਪਸ ਆਏ ਪੰਜਾਬੀਆਂ ਦੇ ਮੁੜ ਵਸੇਬੇ ਬਾਰੇ ਵਿਚਾਰ ਕਰਨ ਦੀ ਬੇਨਤੀ ਕਰਨਗੇ। ਇੰਨਾ ਹੀ ਨਹੀਂ, ਵਾਪਸ ਆਏ ਪੰਜਾਬੀ ਦੀ ਸ਼ਿਕਾਇਤ ‘ਤੇ ਪਹਿਲੀ ਐਫਆਈਆਰ ਵੀ ਅੰਮ੍ਰਿਤਸਰ ‘ਚ ਦਰਜ ਕੀਤੀ ਗਈ ਹੈ।

ਕੈਬਿਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਪਹਿਲਾ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾਸਾਂਸੀ ਪੁਲਿਸ ਸਟੇਸ਼ਨ ‘ਚ ਦਰਜ ਕੀਤਾ ਹੈ। ਪੁਲਿਸ ਨੇ ਏਜੰਟ ਸਤਨਾਮ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਕੋਟਲੀ ਖੇੜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਅਤੇ ਉਸਦੇ ਦਫ਼ਤਰ ਨੂੰ ਵੀ ਸੀਲ ਕਰ ਦਿੱਤਾ ਹੈ।

ਇਹ ਮਾਮਲਾ ਸਲੇਮਪੁਰ ਨਿਵਾਸੀ ਦਿਲੇਰ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ, ਜਿਸਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਏਜੰਟ ਨੇ ਦਲੇਰ ਸਿੰਘ ਨਾਲ ਵਾਅਦਾ ਕੀਤਾ ਸੀ ਕਿ ਉਹ ਉਸਨੂੰ ਕਾਨੂੰਨੀ ਤੌਰ ‘ਤੇ ਅਮਰੀਕਾ ਭੇਜ ਦੇਵੇਗਾ। ਏਜੰਟ ਨੇ ਇਸ ਲਈ 60 ਲੱਖ ਰੁਪਏ ਲਏ, ਪਰ ਉਸਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜ ਦਿੱਤਾ ਗਿਆ।

ਦਲੇਰ ਸਿੰਘ ਨੇ ਦੱਸਿਆ ਸੀ ਕਿ ਉਸਦੀ ਯਾਤਰਾ 15 ਅਗਸਤ 2024 ਨੂੰ ਸ਼ੁਰੂ ਹੋਈ ਸੀ, ਜਦੋਂ ਉਹ ਘਰੋਂ ਨਿਕਲਿਆ ਸੀ। ਇੱਕ ਏਜੰਟ ਨੇ ਉਸਨੂੰ ਭਰੋਸਾ ਦਿੱਤਾ ਸੀ ਕਿ ਉਹ ਉਸਨੂੰ ਇੱਕ ਨੰਬਰ ‘ਚ , ਯਾਨੀ ਕਿ ਕਾਨੂੰਨੀ ਰਸਤੇ ਰਾਹੀਂ ਅਮਰੀਕਾ ਪਹੁੰਚਾਏਗਾ, ਪਰ ਅਜਿਹਾ ਨਹੀਂ ਹੋਇਆ। ਪਹਿਲਾਂ ਉਸਨੂੰ ਦੁਬਈ ਲਿਜਾਇਆ ਗਿਆ ਅਤੇ ਫਿਰ ਬ੍ਰਾਜ਼ੀਲ ਲਿਜਾਇਆ ਗਿਆ ।

ਉਸਨੂੰ ਦੋ ਮਹੀਨਿਆਂ ਲਈ ਬ੍ਰਾਜ਼ੀਲ ‘ਚ ਰੱਖਿਆ ਗਿਆ ਸੀ। ਏਜੰਟਾਂ ਨੇ ਪਹਿਲਾਂ ਵੀਜ਼ਾ ਲਗਵਾਉਣ ਦਾ ਭਰੋਸਾ ਦਿੱਤਾ, ਪਰ ਬਾਅਦ ‘ਚ ਕਿਹਾ ਕਿ ਵੀਜ਼ਾ ਮਿਲਣਾ ਸੰਭਵ ਨਹੀਂ ਹੈ ਅਤੇ ਹੁਣ ਡੰਕੀ ਵਾਲਾ ਰਸਤਾ ਅਪਣਾਉਣਾ ਪਵੇਗਾ। ਅੰਤ ‘ਚ ਸਾਨੂੰ ਦੱਸਿਆ ਗਿਆ ਕਿ ਸਾਨੂੰ ਪਨਾਮਾ ਦੇ ਜੰਗਲਾਂ’ਚੋਂ ਲੰਘਣਾ ਪਵੇਗਾ। ਇਸ ਰਸਤੇ ਨੂੰ ਲੋਅਰ ਡੌਂਕੀ ਰੂਟ ਕਿਹਾ ਜਾਂਦਾ ਹੈ। ਸਾਡੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ। ਸਾਨੂੰ ਹਾਂ ਕਹਿਣਾ ਪਿਆ ਅਤੇ ਅਸੀਂ ਪਨਾਮਾ ਦੇ ਜੰਗਲਾਂ ਤੋਂ ਅਮਰੀਕਾ ਲਈ ਰਵਾਨਾ ਹੋ ਗਏ।

Read More: ਸੰਸਦ ‘ਚ ਗੂੰਜਿਆ ਡਿਪੋਰਟ ਕੀਤੇ ਭਾਰਤੀਆਂ ਦਾ ਮੁੱਦਾ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਅਸਤੀਫੇ ਦੀ ਮੰਗ

Scroll to Top