Patwaris

ਤਹਿਸੀਲਾਂ ‘ਚ ਤਾਇਨਾਤ ਪਟਵਾਰੀ ਸਵੇਰੇ 9 ਤੋਂ 11 ਵਜੇ ਤੱਕ ਆਪਣੇ ਦਫ਼ਤਰਾਂ ‘ਚ ਲੋਕਾਂ ਨੂੰ ਮਿਲਣਗੇ: DC ਡਾ. ਪ੍ਰੀਤੀ ਯਾਦਵ

ਪਟਿਆਲਾ, 4 ਫਰਵਰੀ 2025: ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਸਮੂਹ ਪਟਵਾਰੀਆਂ (Patwaris) ਨੂੰ ਲੋਕਾਂ ਦੇ ਕੰਮਾਂ-ਕਾਜ ਲਈ ਸਵੇਰੇ 9 ਵਜੇ ਤੋਂ 11 ਵਜੇ ਤੱਕ ਆਪਣੇ ਦਫ਼ਤਰਾਂ ‘ਚ ਲੋਕਾਂ ਨੂੰ ਮਿਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ |

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਤਹਿਸੀਲਾਂ ਤੇ ਸਬ-ਤਹਿਸੀਲਾਂ ‘ਚ ਤਾਇਨਾਤ ਪਟਵਾਰੀਆਂ ਨੂੰ ਲਿਖਤੀ ਹੁਕਮ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਵਰਕ ਸਟੇਸ਼ਨਾਂ ‘ਤੇ ਰੋਜ਼ਾਨਾ ਸਵੇਰੇ 9 ਤੋਂ 11 ਵਜੇ ਤੱਕ (ਸਿਵਾਏ ਕਿਸੇ ਕੋਰਟ ਮਾਮਲੇ ਜਾਂ ਕਿਸੇ ਹੋਰ ਜਰੂਰੀ ਦਫ਼ਤਰੀ ਕੰਮਕਾਜ ਦੇ) ਆਮ ਲੋਕਾਂ ਦੇ ਕੰਮਾਂ-ਕਾਰਾਂ ਲਈ ਲੋਕਾਂ ਨੂੰ ਮਿਲਣਾ ਯਕੀਨੀ ਬਣਾਉਣ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜੇਕਰ ਕਿਸੇ ਪਟਵਾਰੀ (Patwaris) ਨੇ ਆਪਣੇ ਖੇਤਰ ‘ਚ ਕਿਸੇ ਦੌਰੇ ‘ਤੇ ਜਾਣਾ ਹੈ ਤਾਂ ਉਹ ਸਵੇਰੇ 11 ਵਜੇ ਤੋਂ ਬਾਅਦ ਜਾਣਗੇ ਅਤੇ ਪਹਿਲਾਂ ਲੋਕਾਂ ਨੂੰ ਮਿਲਕੇ ਅਤੇ ਉਨ੍ਹਾਂ ਦੇ ਕੰਮ-ਕਾਰਾਂ ਨੂੰ ਨਿਪਟਾਉਣਾ ਯਕੀਨੀ ਬਣਾਉਣਗੇ ਤਾਂ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਉਡੀਕ ਨਾ ਕਰਨੀ ਪਵੇ | ਇਸ ਨਾਲ ਆਮ ਲੋਕ ਖੱਜਲ ਖੁਆਰੀ ਤੋਂ ਬਚਣਗੇ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਟਵਾਰੀ ਦੀ ਕੋਈ ਫੀਲਡ ਜਾਂ ਉਚ ਦਫ਼ਤਰਾਂ ਵਿਖੇ ਕੋਈ ਡਿਊਟੀ ਨਹੀਂ ਹੈ ਤਾਂ ਉਹ 11 ਵਜੇ ਤੋਂ ਬਾਅਦ ਵੀ ਆਮ ਲੋਕਾਂ ਦੇ ਕੰਮਾਂ ਲਈ ਦਫ਼ਤਰ ‘ਚ ਹਾਜ਼ਰ ਰਹਿਣ।

Read More: ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਦੇ ਨਵੇਂ DC ਵਜੋਂ ਅਹੁਦਾ ਸਾਂਭਿਆ, ਸ਼ਹਿਰ ਵਾਸੀਆਂ ਨੂੰ ਕੀਤੀ ਇਹ ਅਪੀਲ

Scroll to Top