ਚੰਡੀਗੜ੍ਹ, 01 ਫਰਵਰੀ 2025: ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਮਿਲੇ ਸਹਿਯੋਗ ਨਾਲ, ਜ਼ਿਲ੍ਹਾ ਸੰਗਰੂਰ ਦੇ ਪਿੰਡ ਸੰਦੌੜ ਦੇ ਇੱਕ ਮੋਹਰੀ ਅਤੇ ਮਿਹਨਤੀ ਕਿਸਾਨ ਤੀਰਥ ਸਿੰਘ ਨੇ ਬਾਗਬਾਨੀ ਦੇ ਖੇਤਰ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਕਿਸਾਨ ਤੀਰਥ ਸਿੰਘ ਨੇ ਖੇਤੀ ‘ਚ ਵਿਭਿੰਨਤਾ ਲਿਆ ਕੇ ਅਤੇ ਸਬਜ਼ੀਆਂ ਦੀ ਕਾਸ਼ਤ ਕਰਕੇ ਆਪਣੀ ਆਮਦਨ ‘ਚ ਵਾਧਾ ਕੀਤਾ ਹੈ।
ਕਿਸਾਨ ਤੀਰਥ ਸਿੰਘ ਨੇ ਸਾਲ 1996-97 ਤੋਂ ਬਾਗਬਾਨੀ ਵਿਭਾਗ ਦੀ ਮਦਦ ਨਾਲ ਰਵਾਇਤੀ ਫਸਲਾਂ ਤੋਂ ਇਲਾਵਾ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਅੱਜ ਉਹ 800 ਤੋਂ ਵੱਧ ਸਬਜ਼ੀਆਂ ਉਤਪਾਦਕਾਂ ਨੂੰ ਉੱਚ-ਗੁਣਵੱਤਾ ਵਾਲੀਆਂ ਪਨੀਰੀਆਂ ਪ੍ਰਦਾਨ ਕਰ ਰਹੇ ਹਨ। ਤੀਰਥ ਸਿੰਘ ਹੁਣ 4 ਏਕੜ ਜ਼ਮੀਨ ‘ਤੇ ਪਿਆਜ਼ ਦੀਆਂ ਪਨੀਰੀਆਂ, ਹਾਈਬ੍ਰਿਡ ਮਿਰਚ CH-1, CH-2 ਅਤੇ ਹੋਰ ਕਈ ਕਿਸਮਾਂ ਉਗਾਉਂਦੇ ਹਨ। ਉਸਦੇ ਕੰਮ ਨੇ ਨਾ ਸਿਰਫ਼ ਉਸਦੀ ਆਪਣੀ ਆਮਦਨ ‘ਚ ਵਾਧਾ ਕੀਤਾ ਹੈ, ਸਗੋਂ ਹੋਰ ਕਿਸਾਨਾਂ ਨੂੰ ਵੀ ਫਸਲੀ ਵਿਭਿੰਨਤਾ ਅਪਣਾ ਕੇ ਬਾਗਬਾਨੀ ਕਰਨ ਲਈ ਪ੍ਰੇਰਿਤ ਕੀਤਾ ਹੈ।
ਕਿਸਾਨ ਤੀਰਥ ਸਿੰਘ ਦੇ ਯਤਨਾਂ ਨੂੰ ਪੰਜਾਬ ਸਰਕਾਰ ਅਤੇ ਬਾਗਬਾਨੀ ਵਿਭਾਗ ਦਾ ਪੂਰਾ ਸਮਰਥਨ ਮਿਲਿਆ ਹੈ। ਉਸਨੂੰ ਖੇਤੀਬਾੜੀ ਸੰਸਥਾ ਤੋਂ ਸਨਮਾਨ ਅਤੇ ਜ਼ਿਲ੍ਹਾ ਪੱਧਰ ‘ਤੇ ਕਈ ਪੁਰਸਕਾਰ ਮਿਲ ਚੁੱਕੇ ਹਨ। ਭਾਵੇਂ ਤੀਰਥ ਸਿੰਘ ਨੇ ਸਿਰਫ਼ 10ਵੀਂ ਜਮਾਤ ਦੀ ਪੜ੍ਹਾਈ ਹੀ ਪਾਸ ਕੀਤੀ ਹੈ, ਪਰ ਉਸਦੀ ਸਖ਼ਤ ਮਿਹਨਤ ਅਤੇ ਸਿੱਖਣ ਦੇ ਜਨੂੰਨ ਨੇ ਉਸਨੂੰ ਇਸ ਮੁਕਾਮ ‘ਤੇ ਪਹੁੰਚਾਇਆ ਹੈ।
ਕਿਸਾਨ ਤੀਰਥ ਸਿੰਘ ਨੇ ਹੋਰ ਕਿਸਾਨਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਸਾਨੂੰ ਕੁਦਰਤੀ ਸਰੋਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਰਵਾਇਤੀ ਖੇਤੀ ਤੋਂ ਹਟ ਕੇ ਬਾਗਬਾਨੀ ਅਤੇ ਸਬਜ਼ੀਆਂ ਦੀ ਪੈਦਾਵਾਰ ਵੱਲ ਵਧਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ਼ ਚੰਗੀ ਆਮਦਨ ਹੋਵੇਗੀ ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਣੀ ਰਹੇਗੀ।
Read More: Union Budget 2025: ਕੇਂਦਰ ਸਰਕਾਰ ਵੱਲੋਂ ਬਜਟ 2025 ‘ਚ ਕਿਸਾਨਾਂ ਲਈ ਵੱਡੇ ਐਲਾਨ