ਚੰਡੀਗੜ੍ਹ, 31 ਜਨਵਰੀ 2025: ਜੇਕਰ ਤੁਸੀਂ ਵੀ ਆਪਣੇ ਵਾਹਨਾਂ ‘ਤੇ VIP ਨੰਬਰ ਲਗਾਉਣ ਦੇ ਸ਼ੌਕੀਨ ਹੋ ਤਾਂ ਇਹ ਤੁਹਾਡੇ ਲਈ ਮਹੱਤਵਪੂਰਨ ਖ਼ਬਰ ਹੈ। ਫੈਂਸੀ ਵਾਹਨ ਰਜਿਸਟ੍ਰੇਸ਼ਨ ਨੰਬਰ 0001 ਦੇ ਖਰੀਦਦਾਰਾਂ ਨੂੰ ਹੁਣ ਇਸ ਨੰਬਰ ਲਈ ਬੋਲੀ ਲਗਾਉਣ ਲਈ ਰਿਜ਼ਰਵ ਕੀਮਤ ਵਜੋਂ 5 ਲੱਖ ਰੁਪਏ ਦੇਣੇ ਪੈਣਗੇ, ਜੋ ਕਿ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੁਆਰਾ ਈ-ਨਿਲਾਮੀ ਲਈ ਰੱਖਿਆ ਜਾਵੇਗਾ।
ਬੀਤੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਸਰਕਾਰੀ ਨੋਟੀਫਿਕੇਸ਼ਨ ਤੋਂ ਬਾਅਦ 0001 ਲਈ ਰਿਜ਼ਰਵ ਕੀਮਤ ਦੁੱਗਣੀ ਕਰ ਦਿੱਤੀ ਗਈ ਹੈ, ਜਦੋਂ ਕਿ ਹੋਰ ਫੈਂਸੀ ਨੰਬਰਾਂ ਦੀਆਂ ਕੀਮਤਾਂ ਕਈ ਗੁਣਾ ਵਧ ਗਈਆਂ ਹਨ, ਕੁਝ ਮਾਮਲਿਆਂ ‘ਚ ਅੱਠ ਗੁਣਾ ਤੱਕ ਪਹੁੰਚ ਗਈ ਹੈ।
ਪੰਜਾਬ ਸਰਕਾਰ ਨੇ ਉਸ ਸਾਈਟ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਹੈ ਜੋ ਫੈਂਸੀ ਨੰਬਰਾਂ ਲਈ ਬੰਦ ਕਰ ਦਿੱਤੀ ਗਈ ਸੀ। ਹੁਣ ਤੁਹਾਨੂੰ ਛੋਟੇ ਅਤੇ ਫੈਂਸੀ ਨੰਬਰ ਖਰੀਦਣ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ। ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।
ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਹੁਣ ਲੋਕਾਂ ਨੂੰ ਵੀਆਈਪੀ ਨੰਬਰ (VIP Numbers) ਲੈਣ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣੇ ਪੈਣਗੇ। ਪਹਿਲਾਂ 0001 ਨੰਬਰ ਦੀ ਕੀਮਤ 2.5 ਲੱਖ ਰੁਪਏ ਸੀ, ਹੁਣ ਇਸਦੀ ਕੀਮਤ ਵਧ ਕੇ 5 ਲੱਖ ਰੁਪਏ ਹੋ ਗਈ ਹੈ। ਜਦੋਂ ਕਿ 0002, 0009 ਅਤੇ 0786 ਦੀ ਰਿਜ਼ਰਵ ਕੀਮਤ 25 ਹਜ਼ਾਰ ਰੁਪਏ ਸੀ, ਜਿਸ ਨੂੰ 8 ਗੁਣਾ ਵਧਾ ਕੇ 2 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਹੋਰ ਨੰਬਰਾਂ ਦੀ ਰਿਜ਼ਰਵ ਕੀਮਤ ਵੀ ਵਧਾਈ ਗਈ ਹੈ। ਇਸ ਦੇ ਨਾਲ ਹੀ, 1100, 2200, 3300 ਅਤੇ 6300 ਵਰਗੇ ਨੰਬਰ ਵੀ ਔਨਲਾਈਨ ਨਿਲਾਮੀ ਲਈ ਰੱਖੇ ਗਏ ਹਨ। ਦਲਾਲਾਂ ‘ਤੇ ਸ਼ਿਕੰਜਾ ਕੱਸਣ ਲਈ ਬੋਲੀ ‘ਚ ਹਿੱਸਾ ਲੈਣ ਲਈ ਆਧਾਰ ਕੇਵਾਈਸੀ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
Read More: ਟਰਾਂਸਪੋਰਟ ਵਿਭਾਗ ਨੇ ਜਾਅਲੀ ਰਜਿਸਟ੍ਰੇਸ਼ਨ ਪਲੇਟ ਨੰਬਰ ਗੱਡੀ ਨੂੰ ਨਜਾਇਜ਼ ਸ਼ਰਾਬ ਤੇ ਕੁਝ ਨਕਦੀ ਨਾਲ ਫੜਿਆ