Jasprit Bumrah

ICC Awards: ਜਸਪ੍ਰੀਤ ਬੁਮਰਾਹ ਬਣੇ 2024 ਦੇ ਸਰਵੋਤਮ ਟੈਸਟ ਕ੍ਰਿਕਟਰ, ਇਹ ਉਪਲਬੱਧੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਤੇਜ਼ ਗੇਂਦਬਾਜ਼

ਚੰਡੀਗੜ੍ਹ, 27 ਜਨਵਰੀ 2025: ਆਈ.ਸੀ.ਸੀ ਵੱਲੋਂ ਭਾਰਤੀ ਟੀਮ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਨੂੰ 2024 ਦਾ ਸਰਵੋਤਮ ਟੈਸਟ ਕ੍ਰਿਕਟਰ ਦੇ ਸਨਮਾਨ ਵਜੋਂ ਨਵਾਜਿਆਂ ਹੈ। ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਇਲਾਵਾ, ਇੰਗਲੈਂਡ ਦੇ ਤਜਰਬੇਕਾਰ ਬੱਲੇਬਾਜ਼ ਜੋਅ ਰੂਟ, ਇੰਗਲੈਂਡ ਦੇ ਨੌਜਵਾਨ ਬੱਲੇਬਾਜ਼ ਹੈਰੀ ਬਰੂਕ ਅਤੇ ਸ਼੍ਰੀਲੰਕਾ ਦੇ ਕਾਮਿੰਦੂ ਮੈਂਡਿਸ ਨੂੰ ਵੀ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ, ਪਰਭਾਰਤ ਦੇ ਜਸਪ੍ਰੀਤ ਬੁਮਰਾਹ ਨੇ ਇਹ ਪੁਰਸਕਾਰ ਆਪਣੇ ਨਾਂ ਕਰ ਲਿਆ ਹੈ |

ਜਿਕਰਯੋਗ ਹੈ ਕਿ ਜਸਪ੍ਰੀਤ ਬੁਮਰਾਹ ਨੇ ਹਾਲ ਹੀ ‘ਚ ਟੈਸਟ ਕ੍ਰਿਕਟ ‘ਚ 200 ਵਿਕਟਾਂ ਪੂਰੀਆਂ ਕੀਤੀਆਂ ਹਨ। ਜਸਪ੍ਰੀਤ ਬੁਮਰਾਹ 2024 ‘ਚ ਟੈਸਟ ਕ੍ਰਿਕਟ ‘ਚ ਸਭ ਤੋਂ ਵਧੀਆ ਗੇਂਦਬਾਜ਼ ਰਿਹਾ ਹੈ। ਬੁਮਰਾਹ ਨੇ 13 ਮੈਚਾਂ ‘ਚ 14.92 ਦੀ ਔਸਤ ਅਤੇ 30.16 ਦੇ ਸਟ੍ਰਾਈਕ ਰੇਟ ਨਾਲ 71 ਵਿਕਟਾਂ ਲਈਆਂ, ਜੋ ਕਿ ਰਵਾਇਤੀ ਫਾਰਮੈਟ ‘ਚ ਕਿਸੇ ਵੀ ਗੇਂਦਬਾਜ਼ ਦੁਆਰਾ ਸਭ ਤੋਂ ਵਧੀਆ ਹੈ। ਆਈਸੀਸੀ ਨੇ ਪਰਥ ‘ਚ ਬੁਮਰਾਹ ਦੇ ਮੈਚ ਬਦਲਣ ਵਾਲੇ ਸਪੈੱਲ ਨੂੰ ਉਨ੍ਹਾਂ ਦੇ ਸਭ ਤੋਂ ਯਾਦਗਾਰ ਪ੍ਰਦਰਸ਼ਨਾਂ ‘ਚੋਂ ਇੱਕ ਦਰਜਾ ਦਿੱਤਾ, ਜਿਨ੍ਹਾਂ ਨੇ ਭਾਰਤ ਨੂੰ 295 ਦੌੜਾਂ ਨਾਲ ਜਿੱਤ ਦਿਵਾਈ।

ਜਸਪ੍ਰੀਤ ਬੁਮਰਾਹ ਨੇ 71 ਵਿਕਟਾਂ ਲੈਣ ਤੋਂ ਬਾਅਦ ਇੱਕ ਕੈਲੰਡਰ ਸਾਲ ‘ਚ 70 ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲਾ ਚੌਥਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਇਸ ਤਰ੍ਹਾਂ ਉਹ ਰਵੀਚੰਦਰਨ ਅਸ਼ਵਿਨ, ਅਨਿਲ ਕੁੰਬਲੇ ਅਤੇ ਕਪਿਲ ਦੇਵ ਦੀ ਸੂਚੀ ‘ਚ ਸ਼ਾਮਲ ਹੋ ਗਿਆ।

ਪਿਛਲੇ ਕੈਲੰਡਰ ਸਾਲ ਬੁਮਰਾਹ (Jasprit Bumrah) ਨੇ 71 ਵਿਕਟਾਂ ਲੈ ਕੇ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਸ ਫਾਰਮੈਟ ‘ਚ ਸਭ ਤੋਂ ਸਫਲ ਗੇਂਦਬਾਜ਼ ਸੀ। ਭਾਵੇਂ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿੱਚ ਤੇਜ਼ ਗੇਂਦਬਾਜ਼ਾਂ ਲਈ ਅਨੁਕੂਲ ਹਾਲਾਤ ਹੋਣ ਜਾਂ ਘਰੇਲੂ ਮੈਦਾਨ ‘ਤੇ ਤੇਜ਼ ਗੇਂਦਬਾਜ਼ਾਂ ਲਈ ਮੁਸ਼ਕਿਲ ਹਾਲਾਤ, ਬੁਮਰਾਹ ਨੇ ਸਾਲ ਭਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।

ਖਾਸ ਗੱਲ ਹੈ ਕਿ ਜਸਪ੍ਰੀਤ ਬੁਮਰਾਹ ਤੋਂ ਪਹਿਲਾਂ ਰਾਹੁਲ ਦ੍ਰਾਵਿੜ (2004), ਗੌਤਮ ਗੰਭੀਰ (2009), ਵਰਿੰਦਰ ਸਹਿਵਾਗ (2010), ਰਵੀਚੰਦਰਨ ਅਸ਼ਵਿਨ (2016) ਅਤੇ ਵਿਰਾਟ ਕੋਹਲੀ (2018) ਵੀ ਇਹ ਪੁਰਸਕਾਰ ਜਿੱਤ ਚੁੱਕੇ ਹਨ। ਹਾਲਾਂਕਿ, ਬੁਮਰਾਹ ਪਹਿਲਾ ਭਾਰਤੀ ਤੇਜ਼ ਗੇਂਦਬਾਜ਼ ਹੈ ਜਿਸਨੂੰ ਸਾਲ ਦਾ ਸਰਵੋਤਮ ਟੈਸਟ ਖਿਡਾਰੀ ਚੁਣਿਆ ਗਿਆ ਹੈ।

Read More: ICC Awards: ਭਾਰਤ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ 2024 ਦਾ ਸਰਵੋਤਮ ਪੁਰਸ਼ ਟੀ-20 ਖਿਡਾਰੀ ਬਣਿਆ

Scroll to Top