Ludhiana case

ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਲੁਧਿਆਣਾ ਮਾਮਲੇ ‘ਚ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੇ ਹੁਕਮ

ਚੰਡੀਗੜ੍ਹ, 22 ਜਨਵਰੀ 2025: ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਲੁਧਿਆਣਾ (Ludhiana) ‘ਚ ਤਾਲਿਬਾਨੀ ਸਜ਼ਾ ਮਾਮਲੇ ਦਾ ਖੁਦ (ਸੂ-ਮੋਟੋ) ਨੋਟਿਸ ਲਿਆ ਹੈ। ਇਸ ਬਾਰੇ ਚੇਅਰਮੈਨ ਨੇ ਕਿਹਾ ਕਿ ਇਲੈਕਟ੍ਰਾਨਿਕ ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ, ਇੱਕ ਕੱਪੜਾ ਫੈਕਟਰੀ ਦੇ ਮਾਲਕ ਨੇ ਚੋਰੀ ਦੇ ਦੋਸ਼ ‘ਚ ਇੱਕ ਮਾਂ ਅਤੇ ਉਸ ਦੀਆਂ ਤਿੰਨ ਧੀਆਂ ਦੇ ਮੂੰਹ ਕਾਲੇ ਕਰਕੇ ਉਨ੍ਹਾਂ ਨੂੰ “ਮੈਂ ਚੋਰ ਹਾਂ” ਦੀ ਤਖ਼ਤੀਆਂ ਪਾ ਕੇ ਘੁੰਮਾਇਆ ਜੋ ਕਿ ਬੱਚਿਆਂ ਦੇ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਨੇ ਪੁਲਿਸ ਕਮਿਸ਼ਨਰ, ਲੁਧਿਆਣਾ ਨੂੰ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ-2015 ਦੀ ਧਾਰਾ 75 ਅਤੇ 79 ਤਹਿਤ ਮਾਮਲਾ ਦਰਜ ਕਰਨ ਅਤੇ ਬਾਲ ਮਜ਼ਦੂਰੀ (ਨਿਵਾਰਨ ਅਤੇ ਨਿਯੰਤਰਣ) ਐਕਟ-1986 ਅਤੇ ਭਾਰਤੀ ਨਿਆਏ ਸੰਹਿਤਾ-2023 ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ, ਉਕਤ ਦੋਸ਼ੀਆਂ ਖ਼ਿਲਾਫ ਤੁਰੰਤ ਸਖ਼ਤ ਕਾਰਵਾਈ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਹਨ | ਇਸਦੇ ਨਾਲ ਹੀ ਉਕਤ ਮਾਮਲੇ ‘ਚ ਕੀਤੀ ਕਾਰਵਾਈ ਦੀ ਰਿਪੋਰਟ 23 ਜਨਵਰੀ ਤੱਕ ਭੇਜਣ ਦੀ ਹਦਾਇਤ ਦਿੱਤੀ ਹੈ।

ਕਮਿਸ਼ਨ ਦੇ ਚੇਅਰਮੈਨ ਨੇ ਪੁਲਿਸ ਕਮਿਸ਼ਨਰ, ਲੁਧਿਆਣਾ (Ludhiana) ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਉਨ੍ਹਾਂ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਜੋ ਬੱਚੀਆਂ ਦੀਆਂ ਤਸਵੀਰਾਂ ਖਿੱਚ ਰਹੇ ਹਨ ਅਤੇ ਉਨ੍ਹਾਂ ਨੂੰ ਵਾਇਰਲ ਕਰ ਰਹੇ ਹਨ, ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ) ਐਕਟ, 2015 ਦੀ ਧਾਰਾ 74 ਦੇ ਤਹਿਤ ਕਾਰਵਾਈ ਕੀਤੀ ਜਾਵੇ |

ਇਸ ਤੋਂ ਇਲਾਵਾ ਚੇਅਰਮੈਨ ਨੇ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਬਾਲ ਮਜ਼ਦੂਰੀ ਐਕਟ-1986 ਦੀਆਂ ਢੁਕਵੀਆਂ ਧਾਰਾਵਾਂ ਤਹਿਤ ਕਾਰਵਾਈ ਕਰਨ ਅਤੇ ਫੈਕਟਰੀ ਮਾਲਕ ਅਤੇ ਹੋਰ ਸਬੰਧਤ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸਦੇ ਨਾਲ ਹੀ ਕਮਿਸ਼ਨ ਨੂੰ 7 ਦਿਨਾਂ ਦੇ ਅੰਦਰ ਕਾਰਵਾਈ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

Read More: ਲੁਧਿਆਣਾ ‘ਚ ਮਾਂ-ਧੀਆਂ ਦਾ ਚੋਰੀ ਦੇ ਦੋਸ਼ ‘ਚ ਕੀਤਾ ਮੂੰਹ ਕਾਲਾ, ਪੁਲਿਸ ਨੇ ਕੀਤੀ ਕਾਰਵਾਈ

Scroll to Top