ਚੰਡੀਗੜ੍ਹ, 22 ਜਨਵਰੀ 2025: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਗੜ੍ਹਸ਼ੰਕਰ ‘ਚ ਤਾਇਨਾਤ ਇੱਕ ਕਾਂਸਟੇਬਲ ਕਿੰਦਰ ਸਿੰਘ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ‘ਚ ਸਹਿ-ਮੁਲਜ਼ਮ ਐਸ.ਐਚ.ਓ. ਬਲਜਿੰਦਰ ਸਿੰਘ ਮੱਲੀ ਗ੍ਰਿਫ਼ਤਾਰੀ ਤੋਂ ਬਚ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ ਨੰਗਲ ਸਬ-ਡਿਵੀਜ਼ਨ ਦੀ ਵਸਨੀਕ ਹਰਦੀਪ ਕੌਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਉਕਤ ਪੁਲਿਸ ਕਰਮਚਾਰੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਵਿਜੀਲੈਂਸ (Vigilance Bureau) ਦੇ ਬੁਲਾਰੇ ਮੁਤਾਬਕ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਕੇ ਸ਼ਿਕਾਇਤ ਕੀਤੀ ਸੀ ਕਿ ਉਕਤ ਮੁਲਜ਼ਮ ਨੇ ਐਸਐਚਓ ਇੰਸਪੈਕਟਰ ਬਲਜਿੰਦਰ ਸਿੰਘ ਮੱਲੀ ਦੇ ਨਾਂ ‘ਤੇ, ਉਸ (ਹਰਦੀਪ ਕੌਰ) ਦੇ ਭਰਾ ਤੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ, ਜਿਸਨੂੰ ਪੁਲਿਸ ਨੇ ਹੋਰਾਂ ਨਾਲ ਇੱਕ ਝਗੜੇ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ | ਉਸਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ‘ਚ ਸ਼ਾਮਲ ਕਰਨ ਲਈ 1 ਲੱਖ ਰੁਪਏ ਦੀ ਮੰਗੇ ਅਤੇ ਬਾਅਦ ‘ਚ ਸੌਦਾ 50,000 ਰੁਪਏ ‘ਚ ਤੈਅ ਹੋਇਆ।
ਵਿਜੀਲੈਂਸ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਹੁਸ਼ਿਆਰਪੁਰ ਯੂਨਿਟ ਦੀ ਵਿਜੀਲੈਂਸ ਬਿਊਰੋ ਟੀਮ ਨੇ ਉਕਤ ਪੁਲਿਸ ਕਰਮਚਾਰੀ ਨੂੰ ਸ਼ਿਕਾਇਤਕਰਤਾ ਤੋਂ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕਾਰਵਾਈ ਦੌਰਾਨ ਐਸ.ਐਚ.ਓ. ਬਲਜਿੰਦਰ ਸਿੰਘ ਮੱਲੀ ਗ੍ਰਿਫ਼ਤਾਰੀ ਤੋਂ ਬਚ ਕੇ ਮੌਕੇ ਤੋਂ ਭੱਜ ਗਿਆ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਪੁਲਿਸ ਸਟੇਸ਼ਨ ‘ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
Read More: Bribe News: ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਨਕਸ਼ ਨਵੀਸ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ