ਚੰਡੀਗੜ੍ਹ, 21 ਜਨਵਰੀ, 2025: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ (Harbhajan Singh ETO) ਨੇ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਟੈਂਡਰ ਪ੍ਰਕਿਰਿਆ ਦੌਰਾਨ ਨਿਰਧਾਰਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਆਪਣਾ ਕੰਮ ਕਰਦੇ ਸਮੇਂ ਉੱਚ ਗੁਣਵੱਤਾ ਦੇ ਮਿਆਰਾਂ ਨੂੰ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਸੜਕਾਂ ਦੇ ਨਾਲ ਸਥਿਤ ਪੈਟਰੋਲ ਪੰਪਾਂ ਆਦਿ ਵਰਗੇ ਵਪਾਰਕ ਅਦਾਰਿਆਂ ਤੋਂ ਪਹੁੰਚ (ਐਕਸੈਸ) ਫੀਸਾਂ ਦੇ ਜ਼ਰੀਏ ਪੰਜਾਬ ਦੇ ਮਾਲੀਏ ਦੀ ਵਸੂਲੀ ਨੂੰ ਤੇਜ਼ ਕਰਨ ਅਤੇ ਇਸਦੇ ਸਹੀ ਰਿਕਾਰਡ ਨੂੰ ਬਣਾਈ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ।
ਮੰਤਰੀ ਹਰਭਜਨ ਸਿੰਘ (Harbhajan Singh ETO) ਨੇ ਇਹ ਹੁਕਮ ਸੂਬੇ ਭਰ ‘ਚ ਲੋਕ ਨਿਰਮਾਣ ਵਿਭਾਗ (PWD) ਵੱਲੋਂ ਕੀਤੇ ਜਾ ਰਹੇ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਭਵਿੱਖੀ ਵਿਕਾਸ ਯੋਜਨਾਵਾਂ ਤਿਆਰ ਕਰਨ ਲਈ ਇੱਕ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਬੈਠਕ ‘ਚ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਰਵੀ ਭਗਤ ਸਮੇਤ ਲੋਕ ਨਿਰਮਾਣ ਵਿਭਾਗ ਦੇ ਸਾਰੇ ਮੁੱਖ ਇੰਜੀਨੀਅਰ ਅਤੇ ਸੁਪਰਡੈਂਟ ਇੰਜੀਨੀਅਰ ਮੌਜੂਦ ਸਨ।
ਇਸ ਬੈਠਕ ਦੌਰਾਨ ਬਜਟ ਪ੍ਰਬੰਧਨ ਪ੍ਰਾਪਤੀਆਂ ਦਾ ਮੁਲਾਂਕਣ ਕੀਤਾ ਗਿਆ ਅਤੇ ਪ੍ਰੋਜੈਕਟ ਸਥਾਨਾਂ ‘ਤੇ ਕੰਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ‘ਤੇ ਵਿਸਤ੍ਰਿਤ ਚਰਚਾ ਕੀਤੀ। ਹਰਭਜਨ ਸਿੰਘ ਈ.ਟੀ.ਓ. ਨੂੰ ਦੱਸਿਆ ਕਿ ਹੋਰ ਕੰਮਾਂ ਤੋਂ ਇਲਾਵਾ, ਵਿਭਾਗ ਇਸ ਸਮੇਂ 532 ਕਰੋੜ ਰੁਪਏ ਦੀ ਲਾਗਤ ਨਾਲ ਲੰਬੇ ਸਮੇਂ ਦੇ ਰੱਖ-ਰਖਾਅ ਸਮਝੌਤੇ ਤਹਿਤ ਕੁੱਲ 745 ਕਿਲੋਮੀਟਰ ਲੰਬਾਈ ਦੀਆਂ 22 ਰਾਜ ਸੜਕਾਂ ਨੂੰ ਅਪਗ੍ਰੇਡ ਕਰ ਰਿਹਾ ਹੈ।
ਜਿਨ੍ਹਾਂ ਸੜਕਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਉਨ੍ਹਾਂ ਵਿੱਚ ਭਵਾਨੀਗੜ੍ਹ-ਮਹਿਲਾ ਚੌਕ, ਪਾਤੜਾਂ-ਮੂਣਕ, ਘੜੂੰਆਂ-ਅੰਬਾਲਾ, ਜ਼ੀਰਾ-ਫਿਰੋਜ਼ਪੁਰ, ਪੁਰਾਣੀ ਮੋਰਿੰਡਾ ਰੋਡ, ਮੁਕੇਰੀਆਂ-ਤਲਵਾੜਾ-ਮੁਬਾਰਿਕਪੁਰ, ਦਾਖਾ-ਹਲਵਾਰਾ-ਰਾਏਕੋਟ-ਬਰਨਾਲਾ, ਆਦਿ ਸ਼ਾਮਲ ਹਨ। ਇਨ੍ਹਾਂ ਵਿਕਾਸ ਕਾਰਜਾਂ ਨਾਲ ਰਾਜ ਦੇ ਸੜਕੀ ਬੁਨਿਆਦੀ ਢਾਂਚੇ ਵਿੱਚ ਕਾਫ਼ੀ ਸੁਧਾਰ ਹੋਵੇਗਾ ਅਤੇ ਆਮ ਲੋਕਾਂ ਨੂੰ ਨਿਰਵਿਘਨ ਆਵਾਜਾਈ ਦੀ ਸਹੂਲਤ ਮਿਲੇਗੀ। ਮੀਟਿੰਗ ਦੌਰਾਨ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਲਿੰਕ ਸੜਕਾਂ ਲਈ ਫੰਡ ਪੰਜਾਬ ਮੰਡੀ ਬੋਰਡ ਤੋਂ ਜਲਦੀ ਪ੍ਰਾਪਤ ਹੋਣ ਦੀ ਉਮੀਦ ਹੈ ਅਤੇ ਇਨ੍ਹਾਂ ‘ਤੇ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।
Read More: ਹਰਭਜਨ ਸਿੰਘ ਈਟੀਓ ਵੱਲੋਂ ਨੈਸ਼ਨਲ ਹਾਈਵੇਜ਼ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕਰਨ ਸੰਬੰਧੀ SDM ਤੇ DRO ਅਫ਼ਸਰਾਂ ਨਾਲ ਬੈਠਕ