ਚੰਡੀਗੜ੍ਹ, 21 ਜਨਵਰੀ 2025: Kho Kho World Cup 2025: ਭਾਰਤੀ ਮਹਿਲਾ ਖੋ-ਖੋ ਟੀਮ ਦੀ ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਪੁਰਸ਼ ਟੀਮ ਨੇ ਵੀ ਖੋ-ਖੋ ਵਿਸ਼ਵ ਕੱਪ 2025 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ‘ਚ ਖੇਡੇ ਗਏ ਫਾਈਨਲ ਮੈਚ ‘ਚ ਪੁਰਸ਼ ਟੀਮ ਨੇ ਨੇਪਾਲ ਨੂੰ 54-36 ਨਾਲ ਹਰਾ ਕੇ ਖਿਤਾਬ ਜਿੱਤਿਆ ਹੈ। ਮਹਿਲਾ ਅਤੇ ਪੁਰਸ਼ ਦੋਵਾਂ ਖਿਤਾਬ ‘ਤੇ ਭਾਰਤ ਦਨਾ ਕਬਜ਼ਾ ਹੋ ਗਿਆ ਹੈ |
ਟੂਰਨਾਮੈਂਟ ‘ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਪਤਾਨ ਪ੍ਰਤੀਕ ਵਾਈਕਰ ਅਤੇ ਰਾਮਜੀ ਕਸ਼ਯਪ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ। ਨੇਪਾਲ ਨੇ ਇਸ ਤੋਂ ਪਹਿਲਾਂ ਮੁਕਾਬਲੇ ਦੇ ਸ਼ੁਰੂਆਤੀ ਮੈਚ ‘ਚ ਭਾਰਤ ਨੂੰ ਸਖ਼ਤ ਟੱਕਰ ਦਿੱਤੀ ਸੀ ਪਰ ਭਾਰਤੀ ਖਿਡਾਰੀਆਂ ਨੇ ਫਾਈਨਲ ‘ਚ ਪਹਿਲੇ ਮੋੜ ਤੋਂ ਹੀ ਨੇਪਾਲ ‘ਤੇ ਦਬਾਅ ਬਣਾਇਆ।
ਭਾਰਤ ਨੇ ਇਸ ਤੋਂ ਪਹਿਲਾਂ ਗਰੁੱਪ ਪੜਾਅ ‘ਚ ਨੇਪਾਲ ਤੋਂ ਇਲਾਵਾ ਬ੍ਰਾਜ਼ੀਲ, ਪੇਰੂ ਅਤੇ ਭੂਟਾਨ ਨੂੰ ਹਰਾਇਆ ਸੀ, ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ‘ਚ ਬੰਗਲਾਦੇਸ਼ ਅਤੇ ਸੈਮੀਫਾਈਨਲ ‘ਚ ਦੱਖਣੀ ਅਫਰੀਕਾ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਸੀ। ਭਾਰਤੀ ਖਿਡਾਰੀਆਂ ਨੇ ਮੈਚ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪਣਾ ਦਬਦਬਾ ਬਣਾਈ ਰੱਖਿਆ, ਗਤੀ, ਰਣਨੀਤੀ ਅਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਭਾਰਤੀ ਮਹਿਲਾ ਟੀਮ ਦਾ ਖੋ-ਖੋ ਵਿਸ਼ਵ ਕੱਪ ਖਿਤਾਬ ‘ਤੇ ਕਬਜ਼ਾ
ਨੇਪਾਲ ਨੇ ਟਾਸ ਜਿੱਤਿਆ ਅਤੇ ਭਾਰਤ ਨੂੰ ਹਮਲਾ ਕਰਨ ਦਾ ਸੱਦਾ ਦਿੱਤਾ। ਕਪਤਾਨ ਪ੍ਰਿਯਾਂਕ ਇੰਗਲੇ ਦੀ ਅਗਵਾਈ ‘ਚ ਭਾਰਤੀ ਖਿਡਾਰੀਆਂ ਨੇ ਸ਼ੁਰੂਆਤੀ ਮੋੜਾਂ ‘ਚ ਇੱਕ ਵਾਰ ਵੀ ਨੇਪਾਲ ਨੂੰ ਡ੍ਰੀਮ ਦੌੜ ਨਹੀਂ ਬਣਾਉਣ ਦਿੱਤੀ ਅਤੇ 34-0 ਦੀ ਲੀਡ ਲੈ ਲਈ। ਨੇਪਾਲ ਨੇ ਦੂਜੇ ਮੋੜ ‘ਤੇ ਹਮਲਾ ਕੀਤਾ ਅਤੇ 24 ਅੰਕ ਬਣਾ ਕੇ ਵਾਪਸੀ ਕੀਤੀ ਪਰ ਇਸ ਦੌਰਾਨ ਬੀ ਚੈਤਰਾ ਨੇ ਇੱਕ ਡ੍ਰੀਮ ਦੌੜ ਪੂਰੀ ਕੀਤੀ ਅਤੇ ਭਾਰਤ ਨੂੰ ਇੱਕ ਅੰਕ ਵੀ ਦਿੱਤਾ।
ਅੰਤਰਾਲ ਤੋਂ ਬਾਅਦ ਭਾਰਤ ਦੀ ਲੀਡ 35-24 ਹੋ ਗਿਆ। ਭਾਰਤੀ ਟੀਮ ਨੇ ਤੀਜੇ ਮੋੜ ‘ਤੇ ਹਮਲਾ ਕਰਕੇ ਮੈਚ ‘ਤੇ ਪੂਰੀ ਤਰ੍ਹਾਂ ਦਬਦਬਾ ਬਣਾਇਆ। ਟੀਮ ਨੇ 73-24 ਦੀ ਬੜ੍ਹਤ ਨਾਲ ਜਿੱਤ ਲਗਭਗ ਪੱਕੀ ਕਰ ਲਈ। ਚੈਤਰਾ ਨੇ ਚੌਥੇ ਟਰਨ ਵਿੱਚ ਇੱਕ ਡ੍ਰੀਮ ਦੌੜ ਨਾਲ ਪੰਜ ਅੰਕ ਬਣਾ ਕੇ ਨੇਪਾਲ ਦੇ ਖਿਡਾਰੀਆਂ ਨੂੰ ਵੀ ਪਰੇਸ਼ਾਨ ਕੀਤਾ। ਮਹਿਲਾਵਾਂ ਨੇ ਨੇਪਾਲ ਦੀ ਟੀਮ ਨੂੰ 78-40 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ।
ਗਰੁੱਪ ਪੜਾਅ ‘ਚ ਦੱਖਣੀ ਕੋਰੀਆ, ਈਰਾਨ ਅਤੇ ਮਲੇਸ਼ੀਆ ਉੱਤੇ ਸ਼ਾਨਦਾਰ ਜਿੱਤਾਂ ਦਰਜ ਕਰਨ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ ਕੁਆਰਟਰ ਫਾਈਨਲ ‘ਚ ਬੰਗਲਾਦੇਸ਼ ਨੂੰ ਅਤੇ ਸੈਮੀਫਾਈਨਲ ‘ਚ ਦੱਖਣੀ ਅਫਰੀਕਾ ਨੂੰ ਇੱਕ ਪਾਸੜ ਤਰੀਕੇ ਨਾਲ ਹਰਾਇਆ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪੁਰਸ਼ ਟੀਮ ਅਤੇ ਭਾਰਤੀ ਮਹਿਲਾ ਟੀਮ ਨੂੰ ਖਿਤਾਬ (Kho Kho World Cup) ਜਿੱਤਣ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ- ਅੱਜ ਭਾਰਤੀ ਖੋ ਖੋ ਲਈ ਬਹੁਤ ਵਧੀਆ ਦਿਨ ਹੈ। ਖੋ ਖੋ ਵਿਸ਼ਵ ਕੱਪ ਦਾ ਖਿਤਾਬ ਜਿੱਤਣ ‘ਤੇ ਭਾਰਤੀ ਪੁਰਸ਼ ਅਤੇ ਭਾਰਤੀ ਮਹਿਲਾ ਖੋ ਖੋ ਟੀਮ ‘ਤੇ ਬਹੁਤ ਮਾਣ ਹੈ। ਇਹ ਜਿੱਤ ਨੌਜਵਾਨਾਂ ਵਿੱਚ ਖੋ ਖੋ ਨੂੰ ਹੋਰ ਪ੍ਰਸਿੱਧ ਬਣਾਉਣ ‘ਚ ਯੋਗਦਾਨ ਪਾਵੇਗੀ।