ਚੰਡੀਗੜ੍ਹ, 17 ਜਨਵਰੀ 2025: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਮੋਹਾਲੀ) ਦੇ 13 ਕੈਡਿਟਾਂ ਦੀ ਪਿਛਲੇ ਦੋ ਮਹੀਨਿਆਂ ‘ਚ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ (NDA) ਅਤੇ ਹੋਰ ਰੱਖਿਆ ਸਿਖਲਾਈ ਅਕੈਡਮੀਆਂ ‘ਚ ਚੋਣ ਹੋਣ ਨਾਲ ਇੱਕ ਨਵਾਂ ਮੀਲ ਪੱਥਰ ਸਥਾਪਿਤ ਹੋਇਆ ਹੈ।
ਪੰਜਾਬ ਦੇ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸੂਬੇ ‘ਚ ਸੱਤਾ ਸੰਭਾਲਣ ਤੋਂ ਬਾਅਦ ਉਕਤ ਸੰਸਥਾ ਦੇ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ‘ਚ ਚੁਣੇ ਕੈਡਿਟਾਂ ਦੀ ਗਿਣਤੀ 66 ਹੋ ਗਈ ਹੈ | ਉਨ੍ਹਾਂ ਕਿਹਾ ਇਹ ਉਪਲਬੱਧੀ ਡਿਫੈਂਸ ਸੇਵਾਵਾਂ ‘ਚ ਸ਼ਾਮਲ ਹੋਣ ਦੇ ਚਾਹਵਾਨ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਪ੍ਰਤੀ ਪੰਜਾਬ ਸਰਕਾਰ ਦੇ ਦ੍ਰਿੜ ਵਚਨਬੱਧਤਾ ਦਾ ਨਤੀਜਾ ਹੈ।
ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਅੱਠ ਕੈਡਿਟ ਜਿਨ੍ਹਾਂ ‘ਚ ਸੂਰਯਾਵਰਧਨ ਸਿੰਘ, ਫਤਹਿਵੀਰ ਸਿੰਘ, ਅਰਮਾਨਪ੍ਰੀਤ ਸਿੰਘ, ਕੇਸ਼ਵ ਸਿੰਗਲਾ, ਸੂਰਯਾਂਸ਼ ਠਾਕੁਰ, ਭਵਤੇਵੀਰ ਸਿੰਘ, ਰਾਘਵ ਸ਼ਰਮਾ ਅਤੇ ਸਾਹਿਲ ਸ਼ਰਮਾ NDA-153 ਕੋਰਸ ਲਈ NDA, ਖੜਕਵਾਸਲਾ (ਪੁਣੇ) ‘ਚ ਸ਼ਾਮਲ ਹੋਏ ਹਨ।
ਇਸਤੋਂ ਇਲਾਵਾ ਅਨੀਕੇਤ ਸ਼ਰਮਾ ਮੱਧ ਪ੍ਰਦੇਸ਼ ਦੇ ਮਹੂ ਵਿਖੇ ਕੈਡਿਟਜ਼ ਟ੍ਰੇਨਿੰਗ ਵਿੰਗ (CTW) ‘ਚ ਸ਼ਾਮਲ ਹੋਇਆ ਹੈ, ਜਦਕਿ ਮਾਨਸ ਤਨੇਜਾ ਟੈਕਨੀਕਲ ਐਂਟਰੀ ਸਕੀਮ (TES)-52 ਕੋਰਸ ਲਈ ਤੇਲੰਗਾਨਾ ਦੇ ਸਿਕੰਦਰਾਬਾਦ ‘ਚ CTW ‘ਚ ਸ਼ਾਮਲ ਹੋਇਆ।
ਮੰਤਰੀ ਨੇ ਦੱਸਿਆ ਕਿ ਵਾਸੂ ਮਹਿਤਾ 217 AFA ਕੋਰਸ ਲਈ ਏਅਰ ਫੋਰਸ ਅਕੈਡਮੀ (AFA), ਡੁੰਡੀਗਲ ‘ਚ ਸ਼ਾਮਲ ਹੋਇਆ ਹੈ। ਜਸਕਰਨ ਸਿੰਘ (CTW of MRSAFPI) ਏ.ਐਫ.ਏ. ਦੇ 217 ਕੋਰਸ ‘ਚ ਸ਼ਾਮਲ ਹੋਇਆ ਹੈ| ਇਸਦੇ ਨਾਲ ਹੀ ਪ੍ਰਸ਼ਾਂਤ ਕੁਮਾਰ (CTW of MRSAFPI) ਰੀਮਾਊਂਟ ਵੈਟਰਨਰੀ ਕੋਰ ਸੈਂਟਰ ਐਂਡ ਕਾਲਜ, ਮੇਰਠ ‘ਚ 92 RVYOs (ਰੀਮਾਊਂਟ ਵੈਟਰਨਰੀ ਯੰਗ ਅਫਸਰ) ਕੋਰਸ ‘ਚ ਸ਼ਾਮਲ ਹੋਇਆ ਹੈ।
ਜ਼ਿਕਰਯੋਗ ਹੈ ਕਿ ਕੈਡਿਟ ਅਰਮਾਨਪ੍ਰੀਤ ਸਿੰਘ ਨੇNDA-153 ਕੋਰਸ ਲਈ ਆਲ ਇੰਡੀਆ ਮੈਰਿਟ ਸੂਚੀ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਕੇਸ਼ਵ ਸਿੰਗਲਾ ਨੇ ਇਸ ਹੀ ਕੋਰਸ ਲਈ ਆਲ ਇੰਡੀਆ ਮੈਰਿਟ ਸੂਚੀ ‘ਚ 15ਵਾਂ ਰੈਂਕ ਹਾਸਲ ਕੀਤਾ ਹੈ | ਇਸ ਸਫਲਤਾ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਨ੍ਹਾਂ ਕੈਡਿਟਾਂ ਨੂੰ ਰੱਖਿਆ ਸੇਵਾਵਾਂ ‘ਚ ਕਰੀਅਰ ਦੀ ਚੋਣ ‘ਤੇ ਵਧਾਈ ਦਿੱਤੀ ਹੈ |
Read More: ਅਰਮਾਨਪ੍ਰੀਤ ਸਿੰਘ ਨੇ ਪੰਜਾਬ ਦਾ ਵਧਾਇਆ ਮਾਣ, NDA ਦੀ ਮੈਰਿਟ ਸੂਚੀ ‘ਚ ਪਹਿਲਾ ਸਥਾਨ ਕੀਤਾ ਹਾਸਲ