ਚੰਡੀਗੜ੍ਹ, 15 ਜਨਵਰੀ 2025: ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਦੀ ਸਿਹਤ ਰਿਪੋਰਟ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਰਿਪੋਰਟ ‘ਤੇ ਏਮਜ਼ ਦੇ ਮੈਡੀਕਲ ਬੋਰਡ ਦੀ ਰਾਏ ਲਈ ਜਾਵੇਗੀ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਣਮਿੱਥੇ ਸਮੇਂ ਲਈ ਵਰਤ ‘ਤੇ ਹਨ ਅਤੇ ਉਨ੍ਹਾਂ ਨੂੰ ਆਪਣਾ ਵਰਤ ਸ਼ੁਰੂ ਕੀਤੇ 50 ਦਿਨ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਹਾਲ ਹੀ ‘ਚ ਜਗਜੀਤ ਸਿੰਘ ਦੀ ਸਿਹਤ ਵਿਗੜਨ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ। ਹਾਲਾਂਕਿ, ਪੰਜਾਬ ਸਰਕਾਰ ਨੇ ਕਿਹਾ ਹੈ ਕਿ ਡੱਲੇਵਾਲ ਦੀ ਸਿਹਤ ‘ਚ ਕੁਝ ਸੁਧਾਰ ਹੋਇਆ ਹੈ।
ਇਸ ਸੰਬੰਧੀਬ ਜਸਟਿਸ ਸੂਰਿਆ ਕਾਂਤ ਅਤੇ ਐਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਹੈਰਾਨੀ ਪ੍ਰਗਟ ਕੀਤੀ ਅਤੇ ਪੁੱਛਿਆ ਕਿ ਲਗਭਗ 50 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਵਿਅਕਤੀ ਦੇ ਸਿਹਤ ਮਿਆਰ ਕਿਵੇਂ ਸੁਧਰ ਸਕਦੇ ਹਨ।
ਸੁਪਰੀਮ ਕੋਰਟ ਦੀ ਬੈਂਚ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਦੀ ਸਿਹਤ ਜਾਂਚ ਰਿਪੋਰਟ ਸੁਪਰੀਮ ਕੋਰਟ ਦੇ ਰਜਿਸਟਰਾਰ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ । ਸੁਪਰੀਮ ਕੋਰਟ ਨੇ ਰਜਿਸਟਰਾਰ ਨੂੰ ਡੱਲੇਵਾਲ ਦੀ ਸਿਹਤ ਰਿਪੋਰਟ ‘ਤੇ ਏਮਜ਼ ਮੈਡੀਕਲ ਬੋਰਡ ਦੀ ਰਾਏ ਲੈਣ ਦਾ ਵੀ ਨਿਰਦੇਸ਼ ਦਿੱਤਾ ਹੈ। ਜਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 51ਵਾਂ ਦਿਨ ਹੈ |