Martin Guptill

Martin Guptill: ਵਿਸ਼ਵ ਕੱਪ ‘ਚ ਇਕੱਲੇ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਮਾਰਟਿਨ ਗੁਪਟਿਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਚੰਡੀਗੜ੍ਹ, 09 ਜਨਵਰੀ 2025: ਨਿਊਜ਼ੀਲੈਂਡ ਦੇ ਧਾਕੜ ਬੱਲੇਬਾਜ਼ ਮਾਰਟਿਨ ਗੁਪਟਿਲ (Martin Guptill) ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ESPNcricinfo ਦੀ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਲਈ ਆਖਰੀ ਵਾਰ ਅਕਤੂਬਰ 2022 ‘ਚ ਨਿਊਜ਼ੀਲੈਂਡ ਲਈ ਖੇਡਿਆ ਸੀ। 38 ਸਾਲਾ ਇਹ ਖਿਡਾਰੀ ਦੁਨੀਆ ਭਰ ‘ਚ ਟੀ-20 ਲੀਗਾਂ ‘ਚ ਹਿੱਸਾ ਲੈਂਦਾ ਰਹੇਗਾ।

ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਵਿਸ਼ਵ ਕੱਪ ‘ਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਉਣ ਵਾਲਾ ਬੱਲੇਬਾਜ਼ ਹੈ। ਗੁਪਟਿਲ ਨੇ 2015 ਦੇ ਵਿਸ਼ਵ ਕੱਪ ‘ਚ ਵੈਸਟਇੰਡੀਜ਼ ਖ਼ਿਲਾਫ਼ ਨਾਬਾਦ 237 ਦੌੜਾਂ ਬਣਾਈਆਂ ਸਨ।

ਗੁਪਟਿਲ (Martin Guptill) ਨੇ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਕੀਵੀਆਂ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਗੁਪਟਿਲ ਇਸ ਸਮੇਂ ਸੁਪਰ ਸਮੈਸ਼ ਟੂਰਨਾਮੈਂਟ ‘ਚ ਆਕਲੈਂਡ ਏਸਿਸ ਦੀ ਕਪਤਾਨੀ ਕਰ ਰਿਹਾ ਹੈ। ਗੁਪਟਿਲ ਨੇ ਨਿਊਜ਼ੀਲੈਂਡ ਕ੍ਰਿਕਟ ਨੂੰ ਦਿੱਤੇ ਇੱਕ ਇੰਟਰਵਿਊ ‘ਚ ਕਿਹਾ, ਬਲੈਕਕੈਪਸ ਲਈ 14 ਸਾਲ ਖੇਡਣਾ ਸਭ ਤੋਂ ਵੱਡਾ ਸਨਮਾਨ ਸੀ।

ਸੰਨਿਆਸ ਤੋਂ ਬਾਅਦ ਗੁਪਟਿਲ ਨੇ ਕਿਹਾ ਕਿ ਬਚਪਨ ਤੋਂ ਹੀ ਮੇਰਾ ਸੁਪਨਾ ਸੀ ਕਿ ਮੈਂ ਨਿਊਜ਼ੀਲੈਂਡ ਲਈ ਖੇਡਾਂ। ਮੈਂ ਆਪਣੇ ਦੇਸ਼ ਲਈ 367 ਮੈਚ ਖੇਡ ਕੇ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ। ਮੈਂ ਆਪਣੇ ਸਾਰੇ ਸਾਥੀਆਂ ਅਤੇ ਕੋਚਿੰਗ ਸਟਾਫ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਖਾਸ ਕਰਕੇ ਮਾਰਕ ਓ’ਡੋਨੇਲ ਨੂੰ, ਜਿਸਨੇ ਅੰਡਰ-19 ਪੜਾਅ ‘ਤੇ ਮੈਨੂੰ ਕੋਚਿੰਗ ਦਿੱਤੀ ਸੀ।

ਗੁਪਟਿਲ ਨੇ ਨਿਊਜ਼ੀਲੈਂਡ ਲਈ 14 ਸਾਲ ਅੰਤਰਰਾਸ਼ਟਰੀ ਕ੍ਰਿਕਟ ਖੇਡਿਆ। 2009 ਤੋਂ 2022 ਤੱਕ, ਮਾਰਟਿਨ ਗੁਪਟਿਲ ਨੇ ਨਿਊਜ਼ੀਲੈਂਡ ਲਈ 367 ਮੈਚ ਖੇਡੇ, ਜਿਸ ਦੌਰਾਨ ਉਨ੍ਹਾਂ ਨੇ 23 ਸੈਂਕੜੇ ਵੀ ਜੜੇ। ਗੁਪਟਿਲ ਨੇ 2009 ‘ਚ ਵੈਸਟਇੰਡੀਜ਼ ਵਿਰੁੱਧ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ।

ਟੀ-20 ‘ਚ ਕੀਵੀਆਂ ਦੇ ਸਭ ਤੋਂ ਵਧੀਆ ਬੱਲੇਬਾਜ਼ ਗੁਪਟਿਲ ਨੇ 122 ਟੀ-20 ਮੈਚਾਂ ‘ਚ 3531 ਦੌੜਾਂ ਬਣਾਈਆਂ। ਵਨਡੇ ਮੈਚਾਂ ‘ਚ ਮਾਰਟਿਨ ਨੇ 198 ਮੈਚਾਂ ‘ਚ 7346 ਦੌੜਾਂ ਬਣਾਈਆਂ ਹਨ। ਉਹ ਵਨਡੇ ਮੈਚਾਂ ‘ਚ ਨਿਊਜ਼ੀਲੈਂਡ ਲਈ ਤੀਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਉਸ ਤੋਂ ਅੱਗੇ ਰਾਸ ਟੇਲਰ ਅਤੇ ਸਟੀਫਨ ਫਲੇਮਿੰਗ ਹਨ।

Read More: ICC Champions Trophy 2025 Schedule: ਜਾਣੋ, ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਮੈਚਾਂ ਦਾ ਪੂਰਾ ਸ਼ਡਿਊਲ

Scroll to Top