ਚੰਡੀਗੜ੍ਹ, 07 ਜਨਵਰੀ 2024: ICC Champions Trophy 2025: 19 ਫਰਵਰੀ ਤੋਂ ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 ਸ਼ੁਰੂ ਹੋ ਰਿਹਾ ਹੈ। ਆਈਸੀਸੀ ਦੇ ਨਿਯਮਾਂ ਮੁਤਾਬਕ ਇਸ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ 12 ਜਨਵਰੀ ਤੱਕ ਆਪਣੀ ਪ੍ਰੋਵੀਜਨਲ ਭਾਰਤੀ ਟੀਮ (Indian team) ਦੀ ਚੋਣ ਕਰਨੀ ਹੋਵੇਗੀ। ਹਾਲਾਂਕਿ ਸਾਰੇ ਬੋਰਡ ਇਸ ਟੀਮ ‘ਚ 13 ਫਰਵਰੀ ਤੱਕ ਬਦਲਾਅ ਕਰ ਸਕਦੇ ਹਨ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਆਈਸੀਸੀ ਦੇ ਇਕ ਅਧਿਕਾਰੀ ਨੇ ਕਿਹਾ, ‘ਸਾਰੀਆਂ ਟੀਮਾਂ ਨੂੰ 12 ਜਨਵਰੀ ਤੱਕ ਆਪਣੀ ਪ੍ਰੋਵੀਜਨਲ ਟੀਮ ਚੁਣ ਕੇ ਭੇਜਣੀ ਹੋਵੇਗੀ, ਪਰ ਜੇਕਰ ਉਹ ਚਾਹੁਣ ਤਾਂ 13 ਫਰਵਰੀ ਤੱਕ ਇਸ ‘ਚ ਬਦਲਾਅ ਕਰ ਸਕਦੇ ਹਨ। ਇਹ ਟੀਮਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਹੁਣ ਆਪਣੀਆਂ ਟੀਮਾਂ (Indian team) ਦਾ ਐਲਾਨ ਕਰਨਾ ਚਾਹੁੰਦੇ ਹਨ ਜਾਂ ਨਹੀਂ ਕਿਉਂਕਿ ਆਈਸੀਸੀ ਇਨ੍ਹਾਂ ਟੀਮਾਂ ਦੀ ਸੂਚੀ 13 ਫਰਵਰੀ ਨੂੰ ਹੀ ਜਾਰੀ ਕਰੇਗੀ।
ਇਹ ਰਿਪੋਰਟ ਦੱਸਦੀ ਹੈ ਕਿ ਇਸ ਵਾਰ ਆਸਟਰੇਲੀਆ ‘ਚ ਆਪਣੀ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜਸਪ੍ਰੀਤ ਬੁਮਰਾਹ ਨੂੰ ਵੀ ਸਫੈਦ ਗੇਂਦ ਦੇ ਫਾਰਮੈਟ ‘ਚ ਤਰੱਕੀ ਮਿਲ ਸਕਦੀ ਹੈ ਅਤੇ ਉਸ ਨੂੰ ਇਸ ਟੀਮ ਦਾ ਨਵਾਂ ਉਪ ਕਪਤਾਨ ਬਣਾਇਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਚੋਣਕਾਰ ਹਾਰਦਿਕ ਪੰਡਯਾ ਅਤੇ ਕੇਐੱਲ ਰਾਹੁਲ ਨੂੰ ਨਜ਼ਰਅੰਦਾਜ਼ ਕਰ ਦੇਣਗੇ ਕਿਉਂਕਿ ਇਹ ਦੋਵੇਂ ਖਿਡਾਰੀ ਵਨਡੇ ਵਿਸ਼ਵ ਕੱਪ 2023 ‘ਚ ਭਾਰਤੀ ਟੀਮ ਦੇ ਉਪ ਕਪਤਾਨ ਸਨ।
ਹਾਰਦਿਕ ਪੰਡਯਾ ਉਸ ਟੀਮ ਦਾ ਉਪ-ਕਪਤਾਨ ਵੀ ਸੀ ਜਿਸ ਨੇ ਹਾਲ ਹੀ ‘ਚ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਿਆ ਸੀ। ਇਸ ਟੂਰਨਾਮੈਂਟ ਲਈ ਟੀਮ ਦੀ ਚੋਣ ਕਰਦੇ ਸਮੇਂ ਚੋਣਕਾਰਾਂ ਨੂੰ ਕਾਫੀ ਸੰਘਰਸ਼ ਕਰਨਾ ਪਵੇਗਾ।