ਚੰਡੀਗੜ੍ਹ, 04 ਜਨਵਰੀ 2024: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਮਹੱਤਵਪੂਰਨ ਕੰਮ ਲਈ ਸ਼ਲਾਘਾ ਕੀਤੀ ਹੈ| ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਵਿੱਤੀ ਸਾਲ 2022-23 ਦੌਰਾਨ ਪੰਜਾਬ ‘ਚ 60.51 ਮੈਗਾਵਾਟ ਰੂਫਟਾਪ ਸੂਰਜੀ ਊਰਜਾ ਵਾਧੇ ਲਈ 11.39 ਕਰੋੜ ਰੁਪਏ ਦਾ ਇਨਾਮ ਦਿੱਤਾ ਹੈ |
ਬਿਜਲੀ ਮੰਤਰੀ ਨੇ ਕਿਹਾ ਕਿ ਇਸ ਸਮਰੱਥਾ ਦੇ ਵਾਧੇ ਨਾਲ ਪ੍ਰਤੀ ਦਿਨ ਲਗਭਗ 2.4 ਲੱਖ ਯੂਨਿਟ ਸੂਰਜੀ ਊਰਜਾ ਪੈਦਾ ਹੋਣ ਦੀ ਉਮੀਦ ਹੈ, ਜੋ ਕਿ ਪੰਜਾਬ ਦੁਆਰਾ ਸਾਫ਼ ਅਤੇ ਟਿਕਾਊ ਊਰਜਾ ਨੂੰ ਅਪਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਵਿੱਤੀ ਸਾਲ 2023-24 ‘ਚ ਵੀ 86 ਮੈਗਾਵਾਟ ਦਾ ਵਾਧਾ ਹੋਇਆ ਹੈ। ਹੁਣ ਤੱਕ ਪੰਜਾਬ ‘ਚ ਰੂਫਟਾਪ ਸੋਲਰ ਦੀ ਕੁੱਲ ਸਥਾਪਿਤ ਸਮਰੱਥਾ 430 ਮੈਗਾਵਾਟ ਤੱਕ ਪਹੁੰਚ ਗਈ ਹੈ, ਜੋ ਕਿ ਨਵਿਆਉਣਯੋਗ ਊਰਜਾ ਪ੍ਰਤੀ ਰਾਜ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਮੰਤਰੀ ਨੇ ਕਿਹਾ ਕਿ ਸੂਰਜੀ ਊਰਜਾ ਤੋਂ ਪੈਦਾ ਹੋਣ ਵਾਲੀ ਊਰਜਾ ਨਾ ਸਿਰਫ਼ ਪੀ.ਐਸ.ਪੀ.ਸੀ.ਐਲ. (PSPCL) ਦੇ ਖਪਤਕਾਰਾਂ ਦੇ ਬਿਜਲੀ ਬਿੱਲਾਂ ‘ਚ ਕਮੀ ਲਿਆਏਗੀ, ਸਗੋਂ ਵਾਤਾਵਰਣ ਲਈ ਵੀ ਬਹੁਤ ਲਾਭ ਪਹੁੰਚਾਏਗੀ। ਉਨ੍ਹਾਂ ਨੇ ਪੰਜਾਬ ਦੇ ਘਰੇਲੂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਰੂਫਟਾਪ ਸੋਲਰ ਸਿਸਟਮ ਲਗਾਉਣ ਅਤੇ ਪਹਿਲੇ 2 ਕਿਲੋਵਾਟ ਲਈ 30,000 ਰੁਪਏ ਪ੍ਰਤੀ ਕਿਲੋਵਾਟ, 2 ਤੋਂ 3 ਕਿਲੋਵਾਟ ਲਈ 18,000 ਰੁਪਏ ਅਤੇ ਕੁੱਲ 3 ਕਿਲੋਵਾਟ ਲਈ 78,000 ਰੁਪਏ ਦੀ ਸਬਸਿਡੀ ਪ੍ਰਾਪਤ ਕਰਨ।
ਬਿਜਲੀ ਮੰਤਰੀ ਭੁੱਲਰ ਨੇ ਦੱਸਿਆ ਕਿ ਪੀਐਸਪੀਸੀਐਲ ਨੇ ਰੂਫ਼ਟਾਪ ਸੋਲਰ ਨੂੰ ਅਪਣਾਉਣ ਦੀ ਸਹੂਲਤ ਲਈ ਇੱਕ ਸਮਰਪਿਤ ਨੋਡਲ ਦਫ਼ਤਰ ਸ਼ੁਰੂ ਕੀਤਾ ਹੈ। ਇਸਦਾ ਉਦੇਸ਼ ਸੂਰਜੀ ਊਰਜਾ ਨੂੰ ਅਪਣਾਉਣ ‘ਚ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਿੰਗਲ-ਪੁਆਇੰਟ ਸੰਪਰਕ ਪ੍ਰਦਾਨ ਕਰਨਾ ਹੈ। ਇਸ ਨੋਡਲ ਦਫ਼ਤਰ ਨਾਲ 9646129246 ‘ਤੇ ਕਾਲ ਕਰਕੇ ਜਾਂ rts.ipc@gmail.com ‘ਤੇ ਈਮੇਲ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਛੱਤ ‘ਤੇ ਸੂਰਜੀ ਊਰਜਾ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਵਿਆਪਕ ਜਨਤਕ ਜਾਗਰੂਕਤਾ ਪੈਦਾ ਕਰਨ ਲਈ ਪੀ.ਐੱਸ.ਪੀ.ਸੀ.ਐੱਲ. ਨੇ ਪ੍ਰਮੁੱਖ ਅਖਬਾਰਾਂ ‘ਚ ਵੱਖ-ਵੱਖ ਇਸ਼ਤਿਹਾਰਾਂ ਅਤੇ ਆਪਣੀ ਅਧਿਕਾਰਤ ਵੈੱਬਸਾਈਟ ਰਾਹੀਂ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੀਆਂ ਬਿਜਲੀ ਲੋੜਾਂ ਲਈ ਸੂਰਜੀ ਊਰਜਾ ਦੇ ਹੱਲ ਅਪਣਾਉਣ ਲਈ ਜਾਗਰੂਕ ਕਰਨਾ ਅਤੇ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਟਿਕਾਊ ਭਵਿੱਖ ਨੂੰ ਯਕੀਨੀ ਬਣਾਉਣ ਲਈ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਹੋਰ ਵਧਾਉਣ ਲਈ ਦ੍ਰਿੜ ਸੰਕਲਪ ਹੈ।
Read More: Barnala Accident News : ਦੋ ਵਾਰ ਕਿਸਾਨਾਂ ਦੀ ਬੱਸ ਨਾਲ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਕਿਸਾਨ ਜ਼.ਖ਼.ਮੀ